ਕੁਦਰਤੀ ਆਫਤ ਤੋਂ ਬਾਅਦ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਕਿ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਂਗੇ। ਜਾਣਕਾਰੀ ਮੁਤਾਬਿਕ 60 ਸਾਲ ਬਾਅਦ ਆਏ ਖਤਰਨਾਕ ਤੂਫਾਨ ਹਗਿਬੀਸ (ਰਫਤਾਰ) ਦੇ ਅਸਰ ਨਾਲ ਉੱਥੇ ਸਾਰਾ ਆਸਮਾਨ ਗੁਲਾਬੀ ਅਤੇ ਬੈਂਗਨੀ ਰੰਗ ਦਾ ਹੋ ਗਿਆ। ਇਸ ਸਬੰਧੀ ਇਹ ਖਦਸਾ ਵੀ ਜਤਾਇਆ ਜਾ ਰਿਹਾ ਹੈ ਕਿ ਇਹ ਖਤਰਨਾਕ ਤੂਫਾਨ ਤਟ ਨਾਲ ਟਕਰਾ ਸਕਦਾ ਹੈ ਅਤੇ ਇਸ ਨਾਲ ਹੋਣ ਵਾਲੀ ਤਬਾਹੀ ਨਜ਼ਰ ਆਉਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮੁਤਾਬਿਕ ਇਸ ਤੂਫਾਨ ਦੀ ਗਤੀ 180 ਕਿੱਲੋਮੀਟਰ ਪ੍ਰਤੀ ਘੰਟਾ ਹੈ। ਇਸ ਤੂਫਾਨ ਨੂੰ ਹਗੀਬੀਸ ਦਾ ਨਾਮ ਫਿਲੀਪੀਨਜ਼ ਨੇ ਦਿੱਤਾ ਹੈ ਜਿਸ ਦਾ ਅਰਥ ਹੈ ਰਫਤਾਰ।
ਦੱਸ ਦਈਏ ਕਿ ਜਾਪਾਨ ‘ਚ ਇਸ ਤੋਂ ਪਹਿਲਾਂ 1958 ‘ਚ ਅਜਿਹਾ ਖਤਰਨਾਕ ਤੂਫਾਨ ਆਇਆ ਸੀ ਜਿਸ ਦੌਰਾਨ 1200 ਦੇ ਕਰੀਬ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ। ਇਸ ਦੌਰਾਨ ਤੂਫਾਨੀ ਹਵਾਵਾਂ ਅਤੇ ਇਨ੍ਹਾਂ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਦਿਖਾਈ ਦਿੰਦਾ ਹੈ ਕਿ ਗੱਡੀਆਂ ਤੱਕ ਪਲਟ ਗਈਆਂ ਹਨ ਅਤੇ ਕਈ ਇਲਾਕਿਆਂ ਵਿੱਚ ਹੜ੍ਹ ਜਿਹੀ ਸ਼ਥਿਤੀ ਬਣ ਗਈ ਹੈ।
ਜਾਣਕਾਰੀ ਮੁਤਾਬਿਕ ਸਮੁੰਦਰੀ ਤੱਟ ਦੇ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਟੋਕਿਓ ਤੋਂ ਇਲਾਵਾ ਸ਼ਿਜੋਕਾ, ਗੁੱਮਾਂ ਅਤੇ ਚੀਬਾ ਤੋਂ 50 ਹਜ਼ਾਰ ਲੋਕਾਂ ਨੂੰ ਤੁਰੰਤ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ਹੈ ਉੱਥੇ ਜਾਪਾਨ ਦੇ ਦਸ ਪ੍ਰਾਂਤਾ ਤੋਂ ਕਰੀਬ 42 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੀ ਖ਼ਬਰ ਹੈ। ਇੱਥੇ ਹੀ ਬੱਸ ਨਹੀਂ ਪਤਾ ਇਹ ਵੀ ਲੱਗਾ ਹੈ ਕਿ ਇਸ ਖਤਰਨਾਕ ਤੂਫਾਨ ਕਾਰਨ ਹਵਾਈ ਸੇਵਾਵਾਂ ਨੂੰ ਵੀ ਸਥਗਿਤ ਕਰ ਦਿੱਤਾ ਗਿਆ ਹੈ।