ਓਨਟਾਰੀਓ: ਕੈਨੇਡਾ ‘ਚ ਵਾਪਰੇ ਇੱਕ ਸੜਕ ਹਾਦਸੇ ‘ਚ ਸੇਂਟ ਕਲੇਅਰ ਕਾਲਜ ਦੇ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਨ੍ਹਾਂ ਮ੍ਰਿਤਕਾਂ ‘ਚ ਇਕ ਲੜਕੀ ਵੀ ਸ਼ਾਮਲ ਹੈ। ਸਥਾਨਕ ਸਮੇਂ ਅਨੁਸਾਰ ਇਹ ਹਾਦਸਾ ਤੜਕੇ ਲਗਭਗ ਡੇਢ ਵਜੇ ਆਇਲ ਹੈਰੀਟੇਜ ਰੋਡ ‘ਤੇ ਵਾਪਰਿਆ, ਜਦੋਂ ਇਕ ਤੇਜ਼ ਰਫਤਾਰ ਬੇਕਾਬੂ ਕਾਰ ਸੜਕ ਤੋਂ ਉਤਰ ਕੇ ਪਲਟੀਆਂ ਖਾ ਗਈ।
ਇਸ ਭਿਆਨਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ (20) ਵਜੋਂ ਹੋਈ ਹੈ ਜੋ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਸੀ। ਜਦਕਿ ਤਨਵੀਰ ਸਿੰਘ (19) ਜਲੰਧਰ ਅਤੇ ਗੁਰਵਿੰਦਰ ਸਿੰਘ (20) ਟਾਂਡਾ ਦੇ ਰਹਿਣ ਵਾਲੇ ਸਨ। ਚੌਥਾ ਸਾਥੀ, ਜੋ ਕਿ ਇੱਕ ਕਾਰ ਚਾਲਕ ਸੀ, ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
#LambtonOPP are investigating a triple fatal crash on Oil Heritage Line that happened at approximately 1:30 this morning. Roads in the area remain closed for an undetermined time to facilitate the investigation. ^dr pic.twitter.com/fynBX6jlNU
— OPP West Region (@OPP_WR) October 4, 2019
ਓਨਟਾਰੀਓ ਪ੍ਰੋਵਿੰਸ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਧਿਕਾਰਤ ਰੂਪ ਨਾਲ ਇੰਨਾ ਹੀ ਕਿਹਾ ਹੈ ਕਿ ਨੌਜਵਾਨ ਇਸ ਖੇਤਰ ਦੇ ਨਹੀਂ ਸਨ। ਇਹ ਤਿੰਨੋਂ ਵਿੰਡਸਰ ਦੇ ਸੇਂਟ ਕਲੇਅਰ ਕਾਲਜ ਦੇ ਵਿਦਿਆਰਥੀ ਸਨ। ਜਿਸ ਥਾਂ ‘ਤੇ ਹਾਦਸਾ ਵਾਪਰਿਆ ਇਹ ਥਾਂ ਕਾਲਜ ਤੋਂ ਲਗਭਗ 120 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਇਲਾਕੇ ਦੀ ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਬਾਹਰਲੇ ਖੇਤਰ ਤੋਂ ਆਏ ਸਨ। ਪੁਲਿਸ ਨੂੰ ਜਾਂਚ ‘ਚ ਸੜਕ ‘ਤੇ ਕਾਰ ਦੇ ਪਲਟਣ ਦੇ ਦੋ ਵੱਡੇ ਨਿਸ਼ਾਨ ਵੀ ਮਿਲੇ ਹਨ।
ਉੱਥੇ ਮ੍ਰਿਤਕਾਂ ਦਾ ਪਰਿਵਾਰ ਡੂੰਘੇ ਸਦਮੇ ‘ਚ ਹੈ। ਤਨਵੀਰ ਦੇ ਪਿਤਾ, ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਸਟੱਡੀ ਵੀਜ਼ਾ ‘ਤੇ ਇਸ ਸਾਲ ਵਿਸਾਖੀ’ ਤੇ ਕੈਨੇਡਾ ਗਿਆ ਸੀ। “ਕੈਨੇਡਾ ਪਹੁੰਚਣ ਦੇ ਇੱਕ ਮਹੀਨੇ ਦੇ ਅੰਦਰ, ਉਸ ਨੂੰ ਨੌਕਰੀ ਵੀ ਮਿਲ ਗਈ ਸੀ। ਅਸੀਂ ਹਰ ਰੋਜ਼ ਵੀਡੀਓ ਕਾਲ ‘ਤੇ ਉਸ ਨਾਲ ਗੱਲ ਕਰਦੇ ਹੁੰਦੇ ਸੀ।
ਤਨਵੀਰ ਦੇ ਪਰਿਵਾਰ ਨੇ ਕਿਹਾ ਕਿ ਭੁਪਿੰਦਰ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ 15 ਲੱਖ ਦਾ ਕਰਜ਼ਾ ਲਿਆ ਸੀ।
ਹਾਲਾਂਕਿ, ਇਸ ਘਟਨਾ ਦਾ ਕੋਈ ਗਵਾਹ ਨਹੀਂ ਮਿਲਿਆ ਹੈ, ਇਸ ਲਈ ਓਨਟਾਰੀਓ ਪ੍ਰੋਵਿੰਸ ਪੁਲਿਸ ਨੇ ਆਪਣਾ ਨੰਬਰ ਜਾਰੀ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਹਾਦਸਾ ਵੇਖਿਆ ਹੈ, ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਦੇਣ। ਆਇਲ ਹੈਰਿਟੇਜ ਰੋਡ ਹਾਦਸਿਆਂ ਦੇ ਮਾਮਲੇ ਵਿਚ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਅਗਸਤ ਮਹੀਨੇ ਵਿੱਚ ਹੀ ਇਸ ਮਾਰਗ ਉੱਤੇ ਦੋ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿੱਚ ਇੱਕ ਮਹਿਲਾ ਦੀ ਵੀ ਮੌਤ ਹੋ ਗਈ ਸੀ।