ਤਲਵੰਡੀ ਸਾਬੋ : ਸੂਬੇ ਅੰਦਰ ਜ਼ਮੀਨੀ ਝਗੜਿਆਂ ਜਾਂ ਫਿਰ ਕਰਜਿਆਂ ਕਾਰਨ ਕਿਸਾਨ ਹਰ ਦਿਨ ਆਤਮ ਹੱਤਿਆਵਾਂ ਕਰਦੇ ਹੀ ਰਹਿੰਦੇ ਹਨ, ਪਰ ਇੱਕ ਕਿਸਾਨ ਦੀ ਆਤਮ ਹੱਤਿਆ ਦਾ ਜਿਹੜਾ ਮਾਮਲਾ ਅੱਜ ਸਾਹਮਣੇ ਆਇਆ ਹੈ ਉਸ ਨੂੰ ਪੜ੍ਹ ਸੁਣ ਕੇ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਇਹ ਮਾਮਲਾ ਹੈ ਇੱਥੋਂ ਦੀ ਅਦਾਲਤ ਦਾ ਜਿੱਥੇ ਗੁਰਸੇਵਕ ਸਿੰਘ ਨਾਮ ਦੇ ਇੱਕ ਕਿਸਾਨ ਨੇ ਉਸ ਵੇਲੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਅਦਾਲਤ ਵਿੱਚ ਪੇਸ਼ੀ ਭੁਗਤਣ ਆਇਆ ਸੀ। ਕਿਸਾਨ ਨੇ ਅਦਾਲਤ ਅੰਦਰ ਹੀ ਜ਼ਹਿਰ ਪੀ ਲਿਆ, ਜਿਸ ਨੂੰ ਬਚਾਉਣ ਦੀ ਵਥੇਰੀ ਕੋਸ਼ਿਸ਼ ਕੀਤੀ ਗਈ ਪਰ ਆਖਰਕਾਰ ਉਹ ਜਿੰਦਗੀ ਤੇ ਮੌਤ ਦੀ ਲੜਾਈ ਹਾਰ ਗਿਆ।
ਜਾਣਕਾਰੀ ਮੁਤਾਬਿਕ ਗੁਰਸੇਵਕ ਸਿੰਘ ਮਲਕਾਣਾ ਦਾ ਰਹਿਣ ਵਾਲਾ ਸੀ ਤੇ ਉਸ ਨੇ 4 ਸਾਲ ਪਹਿਲਾਂ ਜਸਵਿੰਦਰ ਕੌਰ ਨਾਮਕ ਇੱਕ ਮਹਿਲਾ ਤੋਂ 14 ਕਨਾਲਾਂ ਜ਼ਮੀਨ ਖਰੀਦੀ ਸੀ। ਇੱਥੇ ਹੀ ਬੱਸ ਨਹੀਂ ਇਸ ਜ਼ਮੀਨ ਦੀ ਗੁਰਸੇਵਕ ਸਿੰਘ ਕੋਲ ਬਾਕਾਇਦਾ ਤੌਰ ‘ਤੇ ਇੱਕ ਰਜਿਸਟਰੀ ਵੀ ਸੀ। ਹਸਪਤਾਲ ਵਿੱਚ ਜ਼ੇਰੇ ਇਲਾਜ਼ ਕਿਸਾਨ ਗੁਰਸੇਵਕ ਸਿੰਘ ਨੇ ਮਰਨ ਤੋਂ ਪਹਿਲਾਂ ਇਹ ਦੋਸ਼ ਲਾਏ ਸਨ ਕਿ ਸਥਾਨਕ ਕਾਂਗਰਸੀ ਆਗੂਆਂ ਦੇ ਦਬਾਅ ਹੇਠ ਡੀਐਸਪੀ ਸਮੇਤ ਹੋਰ ਪੁਲਿਸ ਅਧਿਕਾਰੀ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਸਨ। ਇੱਥੋਂ ਤੱਕ ਕਿ ਪੁਲਿਸ ਵਾਲੇ ਤੇ ਪਿੰਡ ਦਾ ਇੱਕ ਮੋਹਤਬਰ ਬੰਦਾ ਧੱਕੇ ਨਾਲ ਗੁਰਸੇਵਕ ਨੂੰ ਜ਼ਮੀਨ ਵਾਪਸ ਕਰਨ ਲਈ ਮਜ਼ਬੂਰ ਕਰ ਰਹੇ ਸਨ। ਇੱਥੋਂ ਤੱਕ ਕਿ ਜਦੋਂ ਅਦਾਲਤ ਵਿੱਚ ਇਨਸਾਫ ਲੈਣ ਲਈ ਅਰਜੀ ਪਾਈ ਤਾਂ ਅਦਾਲਤ ਨੇ ਵੀ ਉਸ ਦੀ ਸੁਣਵਾਈ ਨਾ ਕਰਦਿਆਂ ਉਸ ਨੂੰ ਐਸਐਸਪੀ ਬਠਿੰਡਾ ਨੂੰ ਦਰਖਾਸਤ ਕਰਨ ਲਈ ਕਹਿ ਦਿੱਤਾ। ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਅਦਾਲਤ ਅੰਦਰ ਹੀ ਕੇਸ ਦੀ ਪੇਸ਼ੀ ਦੌਰਾਨ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਨੇ ਬਾਅਦ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।