ਅੰਮ੍ਰਿਤਸਰ : ਅਜੋਕੇ ਸਮੇਂ ‘ਚ ਆ ਰਹੀਆਂ ਫਿਲਮਾਂ ਅਤੇ ਗਾਣੇ ਕਿਸੇ ਨਾ ਕਿਸੇ ਗਲਤੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਵਾਦਾਂ ‘ਚ ਘਿਰਦੀਆਂ ਹੀ ਰਹਿੰਦੀਆਂ ਨੇ। ਜਿਸ ਕਾਰਨ ਕੁਝ ਸਮੇਂ ਲਈ ਫਿਲਮਾਂ ਦੇ ਰਿਲੀਜ਼ ਹੋਣ ‘ਤੇ ਰੋਕ ਵੀ ਲਗਦੀ ਹੈ, ਮਾਮਲਾ ਥਾਣੇ ਕਚਹਿਰੀਆਂ ਤੱਕ ਵੀ ਚਲਾ ਜਾਂਦਾ ਹੈ ਤੇ ਸਿੱਖ ਭਾਈਚਾਰਾ ਵਿਵਾਦਿਤ ਫਿਲਮਾ ਨੂੰ ਲੈ ਕੇ ਸੜਕਾਂ ‘ਤੇ ਵੀ ਉਤਰਦਾ ਹੈ, ਪਰ ਇਸ ਦੇ ਬਾਵਜੂਦ ਇਹ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹੋ ਜਿਹਾ ਹੀ ਇੱਕ ਵਿਵਾਦ ਹੁਣ ਬਹੁਤ ਜਲਦ ਰਿਲੀਜ਼ ਹੋਣ ਵਾਲੀ ਇੱਕ ਪੰਜਾਬੀ ਵਪਾਰਕ ਫਿਲਮ “ਇਸ਼ਕ ਮਾਈ ਰਿਲੀਜ਼ਨ”ਨੂੰ ਲੈ ਕੇ ਖੜ੍ਹਾ ਹੋਇਆ ਹੈ ਜਿਸ ਵਿੱਚ ਫਿਲਮ ਦੇ ਪੋਸਟਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾਏ ਜਾਣ ਵਿਰੁੱਧ ਇਤਰਾਜ਼ ਜ਼ਾਹਰ ਕਰਦਿਆਂ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ ‘ਤੇ ਸਥਾਨਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਇਸ ਸਬੰਧ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਸਥਾਨਕ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਫਿਲਮ ਦੇ ਨਿਰਮਾਤਾ ਗੁਰਦੀਪ ਸਿੰਘ ਢਿੱਲੋਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਐਸਜੀਪੀਸੀ ਦਾ ਇਹ ਤਰਕ ਹੈ ਕਿ ਇਕ ਵਪਾਰਕ ਫਿਲਮ ਦੇ ਪੋਸਟਰ ‘ਤੇ ਅਜਿਹੀ ਤਸਵੀਰ ਲਾਉਣਾ ਕਨੂੰਨ ਅਨੁਸਾਰ ਗਲਤ ਹੈ ਤੇ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜੀ ਹੈ, ਕਿਉਂਕਿ ਕਿਸੇ ਵੀ ਨਿੱਜੀ ਸਵਾਰਥ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਲਗਾ ਕੇ ਪੇਸ਼ਕਾਰੀ ਕਰਨਾ ਠੀਕ ਨਹੀਂ ਹੈ।