ਮੁੰਬਈ: ਆਪਣੇ ਗਾਣਿਆਂ ਤੋਂ ਜ਼ਿਆਦਾ ਆਪਣੀ ਹਰਕਤਾਂ ਦੇ ਚਲਦੇ ਚਰਚਾ ‘ਚ ਰਹਿਣ ਵਾਲੇ ਗਾਇਕ ਮੀਕਾ ਸਿੰਘ ਦੀ ਕਿਸਮਤ ਦਾ ਫੈਸਲਾ ਮੰਗਲਵਾਰ ਨੂੰ ਮੁੰਬਈ ਵਿੱਚ ਹੋਵੇਗਾ। ਪਾਕਿਸਤਾਨ ‘ਚ ਇੱਕ ਇਵੈਂਟ ਕਰਨ ਦੇ ਚਲਦੇ ਫਿਲਮ ਇੰਡਸਟਰੀ ਵਲੋਂ ਬੈਨ ਕੀਤੇ ਜਾਣ ਦਾ ਖ਼ਤਰਾ ਝੱਲ ਰਹੇ ਮੀਕਾ ਸਿੰਘ ਨੇ ਦੇਸ਼ ‘ਚ ਫਿਲਮੀ ਕਲਾਕਾਰਾਂ ਦੀ ਸਭ ਤੋਂ ਵੱਡੀ ਸੰਸਥਾ FWICE ਨੂੰ ਗੁਹਾਰ ਲਗਾਈ ਹੈ। ਮੀਕਾ ਸਿੰਘ ਨੇ FWICE ਨੂੰ ਚਿੱਠੀ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂਨੂੰ ਇਸ ਮਾਮਲੇ ਵਿੱਚ ਆਪਣੀ ਸਫਾਈ ਦੇਣ ਲਈ ਮੰਗਲਵਾਰ ਨੂੰ ਤਲਬ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ ਅਜਿਹੇ ਵਿੱਚ ਮੀਕੇ ਦੇ ਸ਼ੋਅ ਨੇ ਉਨ੍ਹਾਂ ਨੂੰ ਸੁਰਖੀਆਂ ‘ਚ ਲਿਆ ਦਿੱਤਾ।
ਕੀ ਹੈ ਮਾਮਲਾ?
ਮੀਕਾ ਸਿੰਘ ਇੱਕ ਬਾਰ ਫਿਰ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਜਦੋਂ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਸਨ।
ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਇਕ ਰਿਸ਼ਤੇਦਾਰ ਦੇ ਇੱਥੇ ਮਹਿੰਦੀ ਦੀ ਰਸਮ ਦੌਰਾਨ ਗੀਤ ਗਾਇਆ। ਇਸ ਸਬੰਧੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਟਵਿੱਟਰ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ AICWA ਵੱਲੋਂ ਵੱਡਾ ਐਕਸ਼ਨ ਲਿਆ ਗਿਆ।