ਵਿਦੇਸ਼ਾਂ ‘ਚ ਸਿੱਖਾਂ ‘ਤੇ ਬਾਰ-ਬਾਰ ਕੀਤੇ ਜਾ ਰਹੇ ਨਸਲੀ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਤਾਜ਼ਾ ਮਾਲਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੰਜਾਬ ਟੈਕਸੀ ਡਰਾਈਵਰ ‘ਤੇ ਨਸਲੀ ਹਮਲਾ ਹੋਣ ਦੀ ਖ਼ਬਰ ਹੈ। ਇਹ ਘਟਨਾ ਸ਼ਨੀਵਾਰ ਦੀ ਹੈ ਜਿਸ ਦੀ ਪੂਰੀ ਜਾਣਕਾਰੀ ਪੀੜਿਤ ਨੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਦਿੱਤੀ ਹੈ। ਇਸ ਹਮਲੇ ‘ਚ ਡਰਾਈਵਰ ਦੇ ਸਿਰ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਸਨ, ਨਾਲ ਹੀ ਨੱਕ ਦੀ ਹੱਡੀ ਵੀ ਟੁੱਟੀ ਹੈ। ਰਿਪੋਰਟਾਂ ਦੇ ਮੁਤਾਬਕ, ਪੰਜਾਬੀ ਡਰਾਈਵਰ ਨੇ ਸ਼ਰਾਬੀ ਤੇ ਬਦਸਲੂਕੀ ਨਾਲ ਪੇਸ਼ ਆ ਰਹੇ ਕੁਝ ਯਾਤਰੀਆਂ ਨੂੰ ਸਰਵਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਡਰਾਈਵਰ ਦਾ ਇਹ ਵੀ ਕਹਿਣਾ ਹੈ ਕਿ ਉਸ ਨਾਲ ਕੁੱਟਮਾਰ ਦੌਰਾਨ ਨਸਲੀ ਟਿੱਪਣੀ ਵੀ ਕੀਤੀ ਗਈ । ਉਹ ਪਿਛਲੇ ਇਕ ਸਾਲ ਤੋਂ ਕਰਾਉਣ ਕੈਸਨੀਨੋ ‘ਚ ਟੈਕਸੀ ਡਰਾਈਵਰ ਹੈ। ਡਰਾਈਵਰ ਨੇ ਕਿਹਾ ਕਿ ਰਾਤ ਸਮੇਂ ਟੈਕਸੀਆਂ ਲਾਈਨ ਵਿਚ ਲੱਗੀਆਂ ਸਨ ਤੇ ਉਸ ਦਾ ਸਵਾਰੀ ਲੈ ਕੇ ਜਾਣ ਦਾ ਚੌਥਾ ਨੰਬਰ ਸੀ। ਇਸ ਦੌਰਾਨ ਇਕ ਕੁੜੀ ਤੇ ਦੋ ਮੁੰਡੇ ਉਸ ਦੀ ਗੱਡੀ ਵਿਚ ਆ ਕੇ ਬੈਠ ਗਏ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਟੈਕਸੀ ਦਾ ਨੰਬਰ ਹੋਰ ਲੇਟ ਆਉਣਾ ਹੈ, ਇਸ ਲਈ ਉਹ ਅਗਲੀ ਗੱਡੀ ਵਿਚ ਚਲੇ ਜਾਣਾ ਪਰ ਇਸ ‘ਤੇ ਉਹ ਉਸ ਨੂੰ ਗਲਤ ਬੋਲਣ ਲੱਗ ਗਏ।
ਫਿਰ ਟੈਕਸੀ ‘ਚੋਂ ਬਾਹਰ ਨਿਕਲਦਿਆਂ ਇਕ ਮੁੰਡੇ ਨੇ ਉਸ ਦੀ ਪੱਗ ਖਿੱਚੀ ਅਤੇ ਬਾਹਰ ਸੁੱਟ ਦਿੱਤੀ। ਉਹ ਆਪਣੀ ਪੱਗ ਚੁੱਕਣ ਗਿਆ ਤਾਂ ਉਸ ਨੇ ਹਮਲਾ ਕਰ ਦਿੱਤਾ। ਹੱਥੋ-ਪਾਈ ਦੌਰਾਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਤੇ ਉਸ ਦੇ ਚਿਹਰਾ ‘ਤੇ ਸੱਟ ਲੱਗੀ। ਕੁਝ ਸਮੇਂ ਬਾਅਦ ਉਸ ਦੇ ਇਕ ਸਾਥੀ ਨੇ ਉਸ ਨੂੰ ਬਚਾਇਆ ਦੇ ਪੁਲਿਸ ਨੂੰ ਸੱਦਿਆ ਗਿਆ। ਉਸ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਨਾਲ ਅਜਿਹੀ ਘਟਨਾ ਨਾ ਵਾਪਰੇ।