ਸੰਗਰੂਰ: ਲੋਕ ਸਭਾ ਚੋਣਾਂ ਨੂੰ ਲੈ ਸੰਗਰੂਰ ਦੀ ਸੀਟ ਨੂੰ ਸਭ ਤੋਂ ਚਣੌਤੀਪੂਰਨ ਮੰਨਿਆ ਜਾਂਦਾ ਹੈ । ਇਸ ਸੀਟ ਤੋਂ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਮੌਜੂਦਾ ਐੱਮ.ਪੀ ਭਗਵੰਤ ਮਾਨ ਦਾ ਨਾਂ ਉਮੀਦਵਾਰ ਵਜੋਂ ਐਲਾਨ ਚੁੱਕੀ ਹੈ ਪਰ ਦੂਜੀਆਂ ਪਾਰਟੀਆਂ ਨੂੰ ਭਗਵੰਤ ਮਾਨ ਦੇ ਮੁਕਾਬਲੇ ਉਮੀਦਵਾਰ ਨਹੀਂ ਲੱਭ ਰਿਹਾ। ਅਕਾਲੀ ਦਲ ਵੱਲੋਂ ਇਸ ਸੀਟ ’ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪਰਮਿੰਦਰ ਢੀਂਡਸਾ ਨੇ ਇਸ ਸੀਟ ’ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸਬੰਧੀ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਪਰਮਿੰਦਰ ਢੀਂਡਸਾ ਦੇ ਪਿਤਾ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਸ ਸੀਟ ਤੋਂ ਨਾ ਲੜਨ ਦਾ ਸੁਝਾਅ ਦਿੱਤਾ ਸੀ ਜਿਸਨੂੰ ਲੱਗਦਾ ਹੈ ਕਿ ਉਹਨਾਂ ਦੇ ਬੇਟੇ ਵੱਲੋਂ ਮੰਨ ਲਿਆ ਗਿਆ ਹੈ। ਪਰਮਿੰਦਰ ਢੀਂਡਸਾ ਦਾ ਪਾਰਟੀ ਨੂੰ ਤਰਕ ਹੈ ਕਿ ਉਹ ਮੌਜੂਦਾ ਵਿਧਾਇਕ ਨੇ ਇਸ ਲਈ ਕਿਸੇ ਹੋਰ ਉਮੀਦਵਾਰ ਦੀ ਚੋਣ ਕੀਤੀ ਜਾਵੇ। ਸੁਖਬੀਰ ਬਾਦਲ ਵੱਲੋਂ ਆਉਣ ਵਾਲੇ ਦਿਨਾਂ ’ਚ ਸੰਗਰੂਰ ਦਾ ਦੌਰਾ ਕੀਤਾ ਜਾਣਾ ਹੈ ਜਿਸ ਦੌਰਾਨ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ।
ਉੱਥੇ ਹੀ ਭਗਵੰਤ ਮਾਨ ਵਲੋਂ ਪੂਰੇ ਹਲਕਿਆਂ ਚ ਆਪਣੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਲਗਾਤਾਰ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਅਗਲੇ ਕੁਝ ਦਿਨਾਂ ਚ ਸੰਗਰੂਰ ਹਲਕੇ ਦਾ ਦੌਰਾ ਕੀਤਾ ਜਾਣਾ ਹੈ। ਕਿਹਾ ਜਾ ਰਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਉਮੀਦਵਾਰ ਦਾ ਐਲਾਨ ਕਰ ਸਕਦੇ ਹਨ। ਉੱਧਰ ਕਾਂਗਰਸ ਵਲੋਂ ਵੀ ਕੇਵਲ ਸਿੰਘ ਢਿੱਲੋਂ ਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਇਸ ਸੀਟ ਦੇ ਉਮੀਦਵਾਰ ਹੋਣ ਦੇ ਚਰਚੇ ਚੱਲ ਰਹੇ ਹਨ।