ਵਾਸ਼ਿੰਗਟਨ: ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਮਲ ਨਹੀਂ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕਿਤੇ ਨਹੀਂ ਜਾ ਰਹੀ। ਅਮਰੀਕਾ ਦੀ ਪ੍ਰਥਮ ਮਹਿਲਾ ਨੇ ਇਕ ਇੰਟਰਵਿਊ ਦੌਰਾਨ ਹੋਰ ਚੋਣ ਪ੍ਰਚਾਰ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਇਹ ਇੰਟਰਵਿਊ ਨਿਊਯਾਰਕ ਸਮਾਚਾਰ ਏਜੰਸੀ ਵੱਲੋਂ ਸੋਮਵਾਰ ਨੂੰ ਪ੍ਰਸਾਰਿਤ ਕੀਤਾ ਗਿਆ।
ਅਮਰੀਕਾ ਵਿਚ ਸਾਲ 2016 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਹਾਰਨ ਵਾਲੀ ਕਲਿੰਟਨ ਨੇ ਕਿਹਾ,”ਸਾਡੇ ਦੇਸ਼ ਵਿਚ ਕੀ ਕੁਝ ਦਾਅ ‘ਤੇ ਲੱਗਾ ਹੈ, ਜਿਸ ਤਰ੍ਹਾਂ ਚੀਜ਼ਾਂ ਫਿਲਹਾਲ ਹੋ ਰਹੀਆਂ ਹਨ ਉਹ ਮੈਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਹਨ।” ਕਲਿੰਟਨ ਨੇ ਕਿਹਾ ਕਿ ਉਨ੍ਹਾਂ ਨੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਇੱਛਾ ਰੱਖਣ ਵਾਲੇ ਕਈ ਦਾਅਵੇਦਾਰਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ,”ਕਿਸੇ ਵੀ ਚੀਜ਼ ਨੂੰ ਘੱਟ ਸਮਝਣ ਦੀ ਗਲਤੀ ਨਾ ਕਰਨ, ਭਾਵੇਂ ਹੀ ਸਾਡੇ ਕੋਲ ਟਰੰਪ ਪ੍ਰਸ਼ਾਸਨ ਵੱਲੋਂ ਤੋੜੇ ਗਏ ਵਾਅਦਿਆਂ ਅਤੇ ਅਸਲੀ ਸਮੱਸਿਆਵਾਂ ਦੀ ਸੂਚੀ ਕਾਫੀ ਲੰਬੀ ਹੈ।”
ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ਨਾਲ ਜੁੜੇ ਮੁੱਦਿਆਂ ‘ਤੇ ਆਪਣੀ ਗੱਲ ਰੱਖਦੀ ਰਹੇਗੀ ਤੇ ਉਨ੍ਹਾਂ ਮੁੱਦਿਆਂ ਲਈ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ ਜਿਨ੍ਹਾਂ ‘ਤੇ ਉਹ ਭਰੋਸਾ ਕਰਦੀ ਹੈ।