Australia News : ਜੇਕਰ ਤੁਸੀਂ ਵੀ ਬ੍ਰਿਟੇਨ ਵਿੱਚ ਰਹਿ ਕੇ ਪੱਕੇ ਹੋਣ ਯਾਨੀ ILR ਹਾਸਲ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਬ੍ਰਿਟੇਨ ਵਿੱਚ 8 ਜਾਂ 9 ਸਾਲ ਕਾਨੂੰਨੀ ਤੌਰ ‘ਤੇ ਬਿਤਾ ਲਏ ਹਨ ਅਤੇ ਹੁਣ 10 ਸਾਲ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ। ਦਰਅਸਲ, ਬ੍ਰਿਟਿਸ਼ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਸਰਕਾਰ ਨੇ 10 ਸਾਲ ਦੀ ਲਗਾਤਾਰ ਕਾਨੂੰਨੀ ਰਿਹਾਇਸ਼ ਦੇ ਆਧਾਰ ‘ਤੇ ਪੱਕੀ ਰਿਹਾਇਸ਼ ਹਾਸਲ ਕਰਨ ਵਾਲੇ Long Residence Route ਨੂੰ ਖ਼ਤਮ ਕਰਕੇ ਇਸ ਦੀ ਥਾਂ ਨਵੀਂ Earned Settlement ਪ੍ਰਣਾਲੀ ਲਿਆਉਣ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ। ਮਾਮਲਾ ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਵੀ ਉੱਠਿਆ। ਬੈਰੋਨੈੱਸ ਲਿਸਟਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਲਾਰਡ ਕੌਲਿਨਜ਼ ਨੇ ਸਪੱਸ਼ਟ ਕੀਤਾ ਕਿ ਮੌਜੂਦਾ 10 ਸਾਲਾ ਲੌਂਗ ਰੈਜ਼ੀਡੈਂਸ ਰੂਟ ਦੀ ਥਾਂ ਨਵੀਂ ਪ੍ਰਣਾਲੀ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ :Green Card ਦੀ ਉਡੀਕ ਕਰ ਰਹੇ ਹੋ ਤਾਂ ਦੇਖ ਲਓ ਇਹ ਖ਼ਬਰ, ਜਾਣੋ PERM ਦੇ ਨਵੇਂ ਪ੍ਰਸਤਾਵ ਵਿੱਚ ਕੀ ਬਦਲੇਗਾ?
ਮੌਜੂਦਾ ਨਿਯਮਾਂ ਤਹਿਤ ਵੱਖ-ਵੱਖ ਯੋਗ ਵੀਜ਼ਿਆਂ ‘ਤੇ ਬ੍ਰਿਟੇਨ ਵਿੱਚ ਲਗਾਤਾਰ 10 ਸਾਲ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਲੋਕ Indefinite Leave to Remain ਯਾਨੀ ILR ਲਈ ਅਰਜ਼ੀ ਦੇ ਸਕਦੇ ਹਨ। ਪਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਸਿਰਫ਼ ਬ੍ਰਿਟੇਨ ਵਿੱਚ ਬਿਤਾਏ ਸਾਲਾਂ ਦੇ ਆਧਾਰ ‘ਤੇ ਪੱਕੀ ਰਿਹਾਇਸ਼ ਹਾਸਲ ਕਰਨਾ ਆਸਾਨ ਨਹੀਂ ਰਹੇਗਾ।ਨਵੀਂ ਤਜਵੀਜ਼ ਤਹਿਤ Student Visa, Graduate Visa ਅਤੇ ਹੋਰ ਅਸਥਾਈ ਵੀਜ਼ਿਆਂ ‘ਤੇ ਬਿਤਾਏ ਸਮੇਂ ਨੂੰ ਪੱਕੀ ਰਿਹਾਇਸ਼ ਲਈ ਗਿਣਨ ਦੀ ਵਿਵਸਥਾ ਬਦਲਣ ਦੀ ਯੋਜਨਾ ਹੈ। ਯਾਨੀ ਜਿਹੜੇ ਲੋਕ ਇਹ ਸੋਚ ਕੇ ਬ੍ਰਿਟੇਨ ਵਿੱਚ ਰਹਿ ਰਹੇ ਸਨ ਕਿ 10 ਸਾਲ ਪੂਰੇ ਹੋਣ ‘ਤੇ ਉਹ Long Residence Route ਰਾਹੀਂ ILR ਲੈ ਲੈਣਗੇ, ਉਨ੍ਹਾਂ ਨੂੰ ਨਵੇਂ ਨਿਯਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਬ੍ਰਿਟਿਸ਼ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵੱਲੋਂ 2 ਨਵੰਬਰ ਨੂੰ ਐਲਾਨੀ ਗਈ ਨਵੀਂ ਨੀਤੀ ਤਹਿਤ ਪ੍ਰਵਾਸੀਆਂ ਦੇ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਨ੍ਹਾਂ ਵਿੱਚ ਵਿਅਕਤੀ ਦੀ ਆਮਦਨ, ਬ੍ਰਿਟੇਨ ਦੀ ਆਰਥਿਕਤਾ ਵਿੱਚ ਯੋਗਦਾਨ, ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਅਤੇ ਉਸ ਦਾ ਕਾਨੂੰਨੀ ਰਿਕਾਰਡ ਸ਼ਾਮਲ ਹਨ।
ਇਹ ਵੀ ਪੜ੍ਹੋ :ਪੰਜਾਬ ਸਮੇਤ ਉੱਤਰੀ ਭਾਰਤ ‘ਚ ਸੰਘਣੀ ਧੁੰਦ ਦਾ ਅਲਰਟ, ਸਵੇਰੇ ਅਤੇ ਦੇਰ ਰਾਤ ਸਾਵਧਾਨ ਰਹਿਣ ਦੀ ਲੋੜ!
ਇਸ ਤਰ੍ਹਾਂ ਹੁਣ ਪੱਕੀ ਰਿਹਾਇਸ਼ ਹਾਸਲ ਕਰਨ ਲਈ ਸਿਰਫ਼ ਸਮਾਂ ਪੂਰਾ ਕਰਨਾ ਹੀ ਕਾਫ਼ੀ ਨਹੀਂ ਰਹੇਗਾ, ਸਗੋਂ ਹੋਰ ਯੋਗਤਾਵਾਂ ਵੀ ਮਹੱਤਵਪੂਰਨ ਹੋਣਗੀਆਂ। ਇਸ ਨਵੇਂ ਬਦਲਾਅ ਦਾ ਸਭ ਤੋਂ ਵੱਡਾ ਅਸਰ ਉਨ੍ਹਾਂ ਪ੍ਰਵਾਸੀਆਂ ‘ਤੇ ਪੈ ਸਕਦਾ ਹੈ, ਜਿਨ੍ਹਾਂ ਨੇ ਪਹਿਲਾਂ ਹੀ 8 ਜਾਂ 9 ਸਾਲ ਬ੍ਰਿਟੇਨ ਵਿੱਚ ਗੁਜ਼ਾਰ ਲਏ ਹਨ। ਇਹ ਲੋਕ ਹੁਣ 10 ਸਾਲ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ, ਪਰ ਨਵੇਂ ਨਿਯਮਾਂ ਵਿੱਚ ਅਜਿਹੇ ਲੋਕਾਂ ਨੂੰ ਕੋਈ ਵਿਸ਼ੇਸ਼ ਛੋਟ ਮਿਲੇਗੀ ਜਾਂ ਨਹੀਂ, ਇਸ ਬਾਰੇ ਅਜੇ ਸਪੱਸ਼ਟਤਾ ਨਹੀਂ ਹੈ। ਬ੍ਰਿਟਿਸ਼ ਸੰਸਦ ਦੀ ਖੋਜ ਰਿਪੋਰਟ ਮੁਤਾਬਕ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੂੰ ਦਸੰਬਰ 2026 ਤੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਸਾਲ 2027 ਦੌਰਾਨ ਇਨ੍ਹਾਂ ਨੂੰ ਪੜਾਅਵਾਰ ਲਾਗੂ ਕਰਨ ਦੀ ਯੋਜਨਾ ਹੈ। ਸੋ ਕੁੱਲ ਮਿਲਾ ਕੇ ਬ੍ਰਿਟੇਨ ਵਿੱਚ ਪੱਕੇ ਹੋਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਆਉਣ ਵਾਲਾ ਸਮਾਂ ਕਾਫ਼ੀ ਅਹਿਮ ਹੋਣ ਵਾਲਾ ਹੈ। ਨਵੇਂ ਨਿਯਮਾਂ ਦੀ ਅੰਤਿਮ ਰੂਪ-ਰੇਖਾ ਅਤੇ ਮੌਜੂਦਾ ਵੀਜ਼ਾ ਧਾਰਕਾਂ ਲਈ ਟਰਾਂਜ਼ਿਸ਼ਨ ਨਿਯਮਾਂ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

