ਜਲੰਧਰ : ਜਲੰਧਰ ਦੇ ਪ੍ਰਸਿੱਧ ਡੇਰਾ ਸੱਚਖੰਡ ਬੱਲਾਂ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। 85 ਸਾਲਾ ਸੰਤ ਨਿਰੰਜਨ ਦਾਸ ਜੀ ਨੂੰ ਡੇਰੇ ਅੰਦਰ ਹੀ ਨਜ਼ਰਬੰਦ ਰੱਖਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇੰਨਾ ਹੀ ਨਹੀਂ, ਡੇਰੇ ਦੇ ਪ੍ਰਬੰਧਾਂ, ਫੰਡਾਂ ਦੀ ਵਰਤੋਂ ਅਤੇ ਸੇਵਾਦਾਰਾਂ ਦੀ ਭੂਮਿਕਾ ਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਹਨ। ਦਰਅਸਲ, ਡੇਰਾ ਸੱਚਖੰਡ ਬੱਲਾਂ ਦੇ ਕੁਝ ਸ਼ਰਧਾਲੂਆਂ ਅਤੇ ਵਕੀਲਾਂ ਵੱਲੋਂ ਦੋ ਵਿਅਕਤੀਆਂ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਲਜ਼ਾਮਾਂ ਮੁਤਾਬਕ, ਸਾਬਕਾ ਗੰਨਮੈਨ ਹਰਦੇਵ ਸਿੰਘ ਅਤੇ ਬੱਬੂ ਨਾਮਕ ਵਿਅਕਤੀ ਡੇਰੇ ਦੇ ਪ੍ਰਬੰਧਾਂ ‘ਤੇ ਆਪਣਾ ਪ੍ਰਭਾਵ ਬਣਾ ਕੇ ਬੈਠੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਸੰਤ ਨਿਰੰਜਨ ਦਾਸ ਜੀ ਦੇ ਆਲੇ-ਦੁਆਲੇ ਅਜਿਹਾ ਘੇਰਾ ਬਣਾਇਆ ਗਿਆ ਹੈ ਕਿ ਆਮ ਸੰਗਤ ਲਈ ਉਨ੍ਹਾਂ ਨੂੰ ਮਿਲਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਰਧਾਲੂਆਂ ਵੱਲੋਂ ਸੰਤ ਨਿਰੰਜਨ ਦਾਸ ਜੀ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ।
ਇਹ ਵੀ ਪੜ੍ਹੌ :ਲੱਖਾਂ EPFO ਧਾਰਕਾਂ ਲਈ ਖੁਸ਼ਖਬਰੀ! ਤਿੰਨ ਗੁਣਾ ਵਧ ਸਕਦੀ ਹੈ ਘੱਟੋ-ਘੱਟ ਪੈਨਸ਼ਨ
ਵਕੀਲ ਐਲ.ਐਮ. ਗੁਲਾਟੀ ਅਤੇ ਸੋਨੀਆ ਤੰਵਰ ਦਾ ਕਹਿਣਾ ਹੈ ਕਿ ਮਹਾਰਾਜ ਜੀ ਦੀ ਉਮਰ 85 ਸਾਲ ਤੋਂ ਵੱਧ ਹੈ। ਉਹ ਫ਼ੋਨ ਦੀ ਵਰਤੋਂ ਨਹੀਂ ਕਰਦੇ ਅਤੇ ਸੁਣਨ ਵਿੱਚ ਵੀ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਇਸੇ ਆਧਾਰ ‘ਤੇ ਵਕੀਲਾਂ ਵੱਲੋਂ ਸ਼ੰਕਾ ਜਤਾਈ ਗਈ ਹੈ ਕਿ ਕਿਤੇ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਮਾਨਸਿਕ ਦਬਾਅ ਤਾਂ ਨਹੀਂ ਬਣਾਇਆ ਜਾ ਰਿਹਾ। ਹਾਲਾਂਕਿ, ਇਹ ਸਾਰੇ ਇਲਜ਼ਾਮ ਹਨ, ਜਿਨ੍ਹਾਂ ਦੀ ਅਜੇ ਕਾਨੂੰਨੀ ਜਾਂਚ ਹੋਣੀ ਬਾਕੀ ਹੈ। ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ ਹੈ। ਸ਼ਰਧਾਲੂਆਂ ਦੇ ਹਿੱਤ ਵਿੱਚ ਵਕੀਲਾਂ ਵੱਲੋਂ ਪਟੀਸ਼ਨ ਦਾਇਰ ਕਰਕੇ ਸੰਤ ਨਿਰੰਜਨ ਦਾਸ ਜੀ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੌ : ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚ ਹੋਵੇਗੀ ਘਰ ਵਾਪਸੀ? SGPC ਪ੍ਰਧਾਨਗੀ ਲਈ ਵੀ ਹੋ ਸਕਦੈ ਵੱਡਾ ਐਲਾਨ!
ਇਸ ਦੇ ਨਾਲ ਹੀ ਇੱਕ ਸੁਤੰਤਰ ਮੈਡੀਕਲ ਬੋਰਡ ਬਣਾਉਣ ਅਤੇ ਮਹਾਰਾਜ ਜੀ ਦਾ ਮੈਡੀਕਲ ਚੈੱਕਅੱਪ ਕਰਵਾਉਣ ਦੀ ਮੰਗ ਵੀ ਰੱਖੀ ਗਈ ਹੈ। ਦੂਜੇ ਪਾਸੇ, ਡੇਰੇ ਦੇ ਫੰਡਾਂ ਅਤੇ ਪ੍ਰਬੰਧਕੀ ਕਾਰਜਾਂ ਵਿੱਚ ਪਾਰਦਰਸ਼ਤਾ ਨਾ ਹੋਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ।ਇਲਜ਼ਾਮ ਲਗਾਉਣ ਵਾਲੀ ਧਿਰ ਦਾ ਕਹਿਣਾ ਹੈ ਕਿ ਡੇਰੇ ਦੇ ਵਿੱਤੀ ਮਾਮਲਿਆਂ ਅਤੇ ਰੋਜ਼ਾਨਾ ਦੇ ਪ੍ਰਬੰਧਾਂ ਬਾਰੇ ਸੰਗਤ ਨੂੰ ਸਪੱਸ਼ਟ ਜਾਣਕਾਰੀ ਨਹੀਂ ਮਿਲ ਰਹੀ। ਉੱਧਰ, ਡੇਰੇ ਨਾਲ ਜੁੜੇ ਕੁਝ ਸ਼ਰਧਾਲੂਆਂ ਦਾ ਦਾਅਵਾ ਹੈ ਕਿ ਸੰਤ ਨਿਰੰਜਨ ਦਾਸ ਜੀ ਬਿਲਕੁਲ ਠੀਕ ਹਨ ਅਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈ ਰਹੇ ਹਨ। ਅਜਿਹੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਹਾਈਕੋਰਟ ਦੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ। ਕੀ ਸੱਚਮੁੱਚ ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਕੋਈ ਗੰਭੀਰ ਸਮੱਸਿਆ ਹੈ ਜਾਂ ਇਹ ਸਿਰਫ਼ ਪ੍ਰਬੰਧਕੀ ਵਿਵਾਦ ਹੈ? ਇਸ ਪੂਰੇ ਮਾਮਲੇ ਦੀ ਅਸਲ ਤਸਵੀਰ ਕਾਨੂੰਨੀ ਜਾਂਚ ਅਤੇ ਸਬੰਧਤ ਧਿਰਾਂ ਦੇ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

