Diwali Special : ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਆ ਗਿਆ ਹੈ… ਬਾਜ਼ਾਰਾਂ ਵਿੱਚ ਰੌਣਕਾਂ ਨੇ, ਘਰਾਂ ਵਿੱਚ ਸਜਾਵਟਾਂ ਹੋ ਚੁੱਕੀਆਂ ਨੇ ਅਤੇ ਹਰ ਕੋਈ ਮਾਂ ਲਕਸ਼ਮੀ ਦੇ ਸਵਾਗਤ ਲਈ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਪਰ ਇਸ ਵਾਰ ਦੀਵਾਲੀ ਦੀ ਤਾਰੀਖ ਅਤੇ ਪੂਜਾ ਦੇ ਸ਼ੁਭ ਸਮੇਂ ਨੂੰ ਲੈ ਕੇ ਕਈ ਲੋਕਾਂ ਦੇ ਮਨਾਂ ਵਿੱਚ ਸਵਾਲ ਹਨ। ਆਖ਼ਰ ਦੀਵਾਲੀ 8 ਨਵੰਬਰ ਨੂੰ ਮਨਾਈ ਜਾਵੇਗੀ ਜਾਂ 9 ਨਵੰਬਰ ਨੂੰ? ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਲਈ ਸਭ ਤੋਂ ਸ਼ੁਭ ਸਮਾਂ ਕਿਹੜਾ ਹੈ? ਅਤੇ ਦੀਵਾਲੀ ਦੀ ਪੂਜਾ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀ ਹਰ ਅਹਿਮ ਜਾਣਕਾਰੀ।
ਇਹ ਵੀ ਪੜ੍ਹੌ : ਪਰਵਿੰਦਰ ਝੋਟਾ ਦੇ ਪਿਤਾ ਨੇ ਛੱਡਿਆ ਅੰਨ੍ਹ-ਪਾਣੀ, “SSP ਮਾਨਸਾ ਦੀ ਬਦਲੀ ਹੋਣ ਤੱਕ ਨਹੀਂ ਖਾਵਾਂਗਾ ਅੰਨ”
ਦਰਅਸਲ, ਜੋਤਿਸ਼ ਗਣਨਾ ਅਨੁਸਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ 8 ਨਵੰਬਰ 2026 ਨੂੰ ਸਵੇਰੇ 11 ਵੱਜ ਕੇ 27 ਮਿੰਟ ‘ਤੇ ਸ਼ੁਰੂ ਹੋਵੇਗੀ, ਜਦਕਿ ਇਸ ਦੀ ਸਮਾਪਤੀ 9 ਨਵੰਬਰ ਨੂੰ ਦੁਪਹਿਰ 12 ਵੱਜ ਕੇ 31 ਮਿੰਟ ‘ਤੇ ਹੋਵੇਗੀ। ਧਾਰਮਿਕ ਮਾਨਤਾਵਾਂ ਮੁਤਾਬਕ ਦੀਵਾਲੀ ਦੀ ਪੂਜਾ ਪ੍ਰਦੋਸ਼ ਕਾਲ ਦੌਰਾਨ ਮੱਸਿਆ ਤਿਥੀ ਵਿੱਚ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ 8 ਨਵੰਬਰ ਨੂੰ ਸ਼ਾਮ ਦੇ ਪ੍ਰਦੋਸ਼ ਕਾਲ ਦੌਰਾਨ ਮੱਸਿਆ ਤਿਥੀ ਮੌਜੂਦ ਰਹੇਗੀ, ਇਸ ਲਈ ਦੀਵਾਲੀ ਦਾ ਤਿਉਹਾਰ ਅੱਜ ਯਾਨੀ 8 ਨਵੰਬਰ, ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਦੀਵਿਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਰੌਸ਼ਨ ਕਰਨਗੇ। ਇਸ ਦੇ ਨਾਲ ਹੀ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਨਗੇ।
ਹੁਣ ਗੱਲ ਕਰਦੇ ਹਾਂ ਸਭ ਤੋਂ ਅਹਿਮ ਸਵਾਲ ਦੀ, ਕਿ ਅੱਜ ਪੂਜਾ ਕਰਨ ਦਾ ਸਹੀ ਸਮਾਂ ਕੀ ਹੈ?
ਧਾਰਮਿਕ ਜਾਣਕਾਰੀ ਅਨੁਸਾਰ, 8 ਨਵੰਬਰ ਨੂੰ ਲਕਸ਼ਮੀ ਅਤੇ ਗਣੇਸ਼ ਪੂਜਾ ਲਈ ਸ਼ਾਮ 5 ਵੱਜ ਕੇ 54 ਮਿੰਟ ਤੋਂ ਲੈ ਕੇ 7 ਵੱਜ ਕੇ 50 ਮਿੰਟ ਤੱਕ ਦਾ ਸਮਾਂ ਸ਼ੁਭ ਦੱਸਿਆ ਗਿਆ ਹੈ। ਇਸ ਦੌਰਾਨ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਵਿਧੀ-ਵਿਧਾਨ ਨਾਲ ਪੂਜਾ ਕਰ ਸਕਦੇ ਹਨ। ਮਾਨਤਾ ਹੈ ਕਿ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਘਰ ਵਿੱਚ ਧਨ-ਦੌਲਤ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ, ਜਦਕਿ ਭਗਵਾਨ ਗਣੇਸ਼ ਦੀ ਅਰਾਧਨਾ ਨਾਲ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਘਰ ਵਿੱਚ ਵਿਧੀ ਅਨੁਸਾਰ ਦੀਵਾਲੀ ਦੀ ਪੂਜਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨੋ। ਪੂਜਾ ਵਾਲੀ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਘਰ ਦੇ ਮੁੱਖ ਦਰਵਾਜ਼ੇ ‘ਤੇ ਰੰਗੋਲੀ ਬਣਾਓ।
ਇਹ ਵੀ ਪੜ੍ਹੌ : UK NEWS : UK ‘ਚ AI ਕੈਮਰਿਆਂ ਨਾਲ ਫੜੇ ਜਾਣਗੇ ਗੈਰ-ਕਾਨੂੰਨੀ ਪ੍ਰਵਾਸੀ! ਭਾਰਤੀਆਂ ‘ਤੇ ਵੀ ਵਧੇਗੀ ਨਜ਼ਰ?
ਇਸ ਤੋਂ ਬਾਅਦ ਪੂਜਾ ਵਾਲੀ ਚੌਕੀ ‘ਤੇ ਲਾਲ ਕੱਪੜਾ ਵਿਛਾ ਕੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰੋ। ਮਾਨਤਾ ਅਨੁਸਾਰ ਮਾਂ ਲਕਸ਼ਮੀ ਦੀ ਮੂਰਤੀ ਭਗਵਾਨ ਗਣੇਸ਼ ਦੇ ਸੱਜੇ ਪਾਸੇ ਰੱਖੀ ਜਾਂਦੀ ਹੈ। ਪੂਜਾ ਦੌਰਾਨ ਕਲਸ਼ ਸਥਾਪਿਤ ਕਰਨਾ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਲਈ ਇੱਕ ਕਲਸ਼ ਵਿੱਚ ਪਾਣੀ, ਗੰਗਾ ਜਲ, ਚੌਲ ਅਤੇ ਸਿੱਕਾ ਪਾਓ। ਇਸ ਦੇ ਉੱਪਰ ਪੰਜ ਜਾਂ ਸੱਤ ਅੰਬ ਦੇ ਪੱਤੇ ਰੱਖ ਕੇ ਨਾਰੀਅਲ ਸਥਾਪਿਤ ਕਰੋ। ਇਸ ਤੋਂ ਬਾਅਦ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਨੂੰ ਫੁੱਲ, ਚੌਲ, ਚੰਦਨ, ਕੁਮਕੁਮ, ਰੋਲੀ, ਮੌਲੀ ਅਤੇ ਹੋਰ ਪੂਜਾ ਸਮੱਗਰੀ ਅਰਪਿਤ ਕਰੋ। ਧਾਰਮਿਕ ਪਰੰਪਰਾ ਅਨੁਸਾਰ ਪੰਚਅੰਮ੍ਰਿਤ ਨਾਲ ਮੂਰਤੀਆਂ ਦਾ ਅਭਿਸ਼ੇਕ ਵੀ ਕੀਤਾ ਜਾਂਦਾ ਹੈ। ਪੰਚਅੰਮ੍ਰਿਤ ਵਿੱਚ ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਖੰਡ ਸ਼ਾਮਲ ਹੁੰਦੇ ਹਨ। ਇਸ ਤੋਂ ਬਾਅਦ ਫਲ, ਮਠਿਆਈਆਂ, ਸੁੱਕੇ ਮੇਵੇ ਅਤੇ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ।
ਇਹ ਵੀ ਪੜ੍ਹੌ : ਅਮਰੀਕਾ ‘ਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਤੇ ਨਾਮੀ ਗੈਂਗਸਟਰ!
ਪੂਜਾ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੀਵੇ ਜਗਾਉਣ ਦੀ ਪਰੰਪਰਾ ਹੈ। ਦਿੱਤੀ ਗਈ ਪੂਜਾ ਵਿਧੀ ਅਨੁਸਾਰ ਚਾਰ-ਮੁਖੀ ਤੇਲ ਦਾ ਦੀਵਾ ਅਤੇ 21 ਛੋਟੇ ਦੀਵੇ ਜਗਾਉਣ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਤੋਂ ਬਾਅਦ ਮਾਂ ਲਕਸ਼ਮੀ, ਭਗਵਾਨ ਗਣੇਸ਼ ਅਤੇ ਹੋਰ ਦੇਵੀ-ਦੇਵਤਿਆਂ ਦਾ ਧਿਆਨ ਕਰਦੇ ਹੋਏ ਆਰਤੀ ਕੀਤੀ ਜਾਂਦੀ ਹੈ। ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਸੁੱਖ-ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਅਰਦਾਸ ਕਰਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਅਤੇ ਪੂਜਾ ਕਰਨ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਹਨੇਰੇ ‘ਤੇ ਰੌਸ਼ਨੀ, ਬੁਰਾਈ ‘ਤੇ ਚੰਗਿਆਈ ਅਤੇ ਨਿਰਾਸ਼ਾ ‘ਤੇ ਉਮੀਦ ਦੀ ਜਿੱਤ ਦਾ ਪ੍ਰਤੀਕ ਵੀ ਹੈ। ਇਸ ਲਈ ਇਸ ਦੀਵਾਲੀ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਮਨਾਂ ਨੂੰ ਵੀ ਪਿਆਰ, ਸੇਵਾ ਅਤੇ ਖੁਸ਼ੀਆਂ ਨਾਲ ਰੌਸ਼ਨ ਕਰੋ। ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।

