UK NEWS : UK ‘ਚ AI ਕੈਮਰਿਆਂ ਨਾਲ ਫੜੇ ਜਾਣਗੇ ਗੈਰ-ਕਾਨੂੰਨੀ ਪ੍ਰਵਾਸੀ! ਭਾਰਤੀਆਂ ‘ਤੇ ਵੀ ਵਧੇਗੀ ਨਜ਼ਰ?

raajan tiwari
5 Min Read

UK NEWS : ਬ੍ਰਿਟੇਨ ਦੀਆਂ ਸੜਕਾਂ ‘ਤੇ ਘੁੰਮ ਰਹੇ ਹੋ ਜਾਂ ਕਿਸੇ ਬੰਦਰਗਾਹ ਤੋਂ ਸਫ਼ਰ ਕਰ ਰਹੇ ਹੋ, ਪਰ ਤੁਹਾਡੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ? ਤਾਂ ਹੁਣ ਸਾਵਧਾਨ ਹੋ ਜਾਓ! ਕਿਉਂਕਿ ਬ੍ਰਿਟੇਨ ਸਰਕਾਰ ਅਜਿਹੀ ਤਕਨਾਲੋਜੀ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਕੈਮਰੇ ਤੁਹਾਡਾ ਚਿਹਰਾ ਪਛਾਣ ਕੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਲਰਟ ਭੇਜ ਸਕਣਗੇ। ਖ਼ਾਸ ਗੱਲ ਇਹ ਹੈ ਕਿ ਇਸ ਜਾਂਚ ਦੇ ਘੇਰੇ ਵਿੱਚ ਭਾਰਤੀ ਮੂਲ ਦੇ ਲੋਕ ਵੀ ਆ ਸਕਦੇ ਹਨ। ਪੂਰੀ ਖ਼ਬਰ ਕੀ ਹੈ, ਕਿਹੜੀਆਂ ਥਾਵਾਂ ‘ਤੇ ਲੱਗਣਗੇ ਇਹ ਕੈਮਰੇ ਅਤੇ ਕੀ ਬ੍ਰਿਟੇਨ ‘ਚ ਰਹਿ ਰਹੇ ਪੰਜਾਬੀਆਂ ਨੂੰ ਵੀ ਚਿੰਤਾ ਕਰਨ ਦੀ ਲੋੜ ਹੈ? ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ।

ਇਹ ਵੀ ਪੜ੍ਹੌ : 2027 ਦੀਆਂ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ: ਰਾਹੁਲ ਤੋਂ ਬਾਅਦ ਹੁਣ ਪ੍ਰਿਯੰਕਾ ਗਾਂਧੀ ਦੇ ਪੰਜਾਬ ਦੌਰੇ ’ਤੇ, ਲੁਧਿਆਣਾ ‘ਚ ਵਿਸ਼ਾਲ ਰੈਲੀ ਕਰਨ ਦੀ ਯੋਜਨਾ

ਦਰਅਸਲ, ਬ੍ਰਿਟੇਨ ਦਾ ਗ੍ਰਹਿ ਦਫ਼ਤਰ ਯਾਨੀ ਹੋਮ ਆਫਿਸ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਲਾਈਵ ਫੇਸ਼ੀਅਲ ਰਿਕੋਗਨੀਸ਼ਨ ਤਕਨਾਲੋਜੀ ਦਾ ਦਾਇਰਾ ਵਧਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਇਸ ਤਕਨਾਲੋਜੀ ਰਾਹੀਂ ਜਨਤਕ ਥਾਵਾਂ, ਬੰਦਰਗਾਹਾਂ, ਆਵਾਜਾਈ ਕੇਂਦਰਾਂ ਅਤੇ ਮੁੱਖ ਰਸਤਿਆਂ ‘ਤੇ ਲੱਗੇ ਕੈਮਰੇ ਲੋਕਾਂ ਦੇ ਚਿਹਰਿਆਂ ਨੂੰ ਸਕੈਨ ਕਰਨਗੇ। ਇਸ ਤੋਂ ਬਾਅਦ ਕੈਮਰਿਆਂ ਤੋਂ ਮਿਲੀਆਂ ਤਸਵੀਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਅਧਿਕਾਰਤ ਵਾਚਲਿਸਟਾਂ ਨਾਲ ਮਿਲਾਇਆ ਜਾਵੇਗਾ। ਇਸ ਦਾ ਮੁੱਖ ਨਿਸ਼ਾਨਾ ਉਹ ਲੋਕ ਹੋਣਗੇ, ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਵਿੱਚ ਦਾਖ਼ਲ ਹੋਏ ਹਨ, ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਜਾਂ ਜਿਨ੍ਹਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋ ਚੁੱਕੇ ਹਨ।

ਹੁਣ ਸਵਾਲ ਇਹ ਹੈ ਕਿ ਕੀ ਇਹ ਤਕਨਾਲੋਜੀ ਪਹਿਲਾਂ ਹੀ ਵਰਤੀ ਜਾ ਰਹੀ ਹੈ?

ਰਿਪੋਰਟ ਮੁਤਾਬਕ, ਇਸ ਪ੍ਰਾਜੈਕਟ ਦੇ ਤਿੰਨ ਟਰਾਇਲ ਨਵੰਬਰ 2025 ਤੋਂ ਫਰਵਰੀ 2026 ਦੇ ਵਿਚਕਾਰ ਨਾਰਥ ਵੇਲਜ਼ ਦੇ ਹੋਲੀਹੈੱਡ ਪੋਰਟ ‘ਤੇ ਕੀਤੇ ਗਏ ਸਨ। ਇਨ੍ਹਾਂ ਟਰਾਇਲਾਂ ਦੌਰਾਨ ਆਇਰਲੈਂਡ ਤੋਂ ਆਉਣ-ਜਾਣ ਵਾਲੇ ਯਾਤਰੀਆਂ ਵਿੱਚੋਂ ਅਜਿਹੇ ਲੋਕਾਂ ਦੀ ਪਛਾਣ ਕਰਨ ‘ਤੇ ਧਿਆਨ ਦਿੱਤਾ ਗਿਆ, ਜਿਨ੍ਹਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਸਨ ਜਾਂ ਇਮੀਗ੍ਰੇਸ਼ਨ ਨਾਲ ਜੁੜੇ ਅਪਰਾਧਿਕ ਮਾਮਲਿਆਂ ਵਿੱਚ ਉਹ ਲੋੜੀਂਦੇ ਸਨ। ਇਨ੍ਹਾਂ ਟਰਾਇਲਾਂ ਤੋਂ ਬਾਅਦ ਪ੍ਰਾਜੈਕਟ ਨੂੰ ਪਾਇਲਟ ਪੜਾਅ ਵਿੱਚ ਲਿਜਾਇਆ ਗਿਆ ਹੈ। ਪਰ ਕੈਮਰੇ ਵਿੱਚ ਚਿਹਰਾ ਆਉਣ ਦਾ ਮਤਲਬ ਇਹ ਨਹੀਂ ਕਿ ਤੁਰੰਤ ਗ੍ਰਿਫ਼ਤਾਰੀ ਹੋ ਜਾਵੇਗੀ।ਸਿਸਟਮ ਵੱਲੋਂ ਜੇਕਰ ਕਿਸੇ ਵਿਅਕਤੀ ਦੇ ਚਿਹਰੇ ਦਾ ਵਾਚਲਿਸਟ ਨਾਲ ਮੇਲ ਮਿਲਦਾ ਹੈ ਤਾਂ ਅਧਿਕਾਰੀਆਂ ਨੂੰ ਅਲਰਟ ਭੇਜਿਆ ਜਾਵੇਗਾ। ਇਸ ਤੋਂ ਬਾਅਦ ਸਿਖਲਾਈ ਪ੍ਰਾਪਤ ਅਧਿਕਾਰੀ ਉਸ ਵਿਅਕਤੀ ਦੀ ਪਛਾਣ ਅਤੇ ਰਿਕਾਰਡ ਦੀ ਪੁਸ਼ਟੀ ਕਰਨਗੇ। ਹੋਮ ਆਫਿਸ ਮੁਤਾਬਕ, ਸਿਰਫ਼ ਤਕਨਾਲੋਜੀ ਵੱਲੋਂ ਮਿਲਿਆ ਅਲਰਟ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ, ਹਿਰਾਸਤ ਜਾਂ ਦੋਸ਼ੀ ਠਹਿਰਾਉਣ ਦਾ ਆਧਾਰ ਨਹੀਂ ਬਣੇਗਾ।

ਹੁਣ ਭਾਰਤੀਆਂ ਦੀ ਗੱਲ ਕਰੀਏ ਤਾਂ ਇਹ ਖ਼ਬਰ ਕਿਉਂ ਅਹਿਮ ਹੈ?

ਯੂਕੇ ਦੇ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੇ ਜੂਨ 2025 ਦੇ ਅੰਕੜਿਆਂ ਮੁਤਾਬਕ ਭਾਰਤ ਬ੍ਰਿਟੇਨ ਵਿੱਚ ਲੰਬੇ ਸਮੇਂ ਲਈ ਰਹਿਣ ਵਾਲੇ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਗੈਰ-ਯੂਰਪੀ ਮੂਲ ਦਾ ਦੇਸ਼ ਹੈ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਨਾਈਜੀਰੀਆ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਕਿਸੇ ਖ਼ਾਸ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ। ਇਸ ਦੀ ਵਰਤੋਂ ਵਿਅਕਤੀ ਦੀ ਇਮੀਗ੍ਰੇਸ਼ਨ ਸਥਿਤੀ ਅਤੇ ਕਾਨੂੰਨੀ ਰਿਕਾਰਡ ਦੇ ਆਧਾਰ ‘ਤੇ ਹੋਵੇਗੀ, ਨਾ ਕਿ ਉਸ ਦੀ ਨਾਗਰਿਕਤਾ ਦੇ ਆਧਾਰ ‘ਤੇ। ਦੂਜੇ ਪਾਸੇ, ਇਸ ਯੋਜਨਾ ਨੂੰ ਲੈ ਕੇ ਸਵਾਲ ਵੀ ਉੱਠਣ ਲੱਗੇ ਹਨ।

ਇਹ ਵੀ ਪੜ੍ਹੌ : ਅਮਰੀਕਾ ‘ਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਤੇ ਨਾਮੀ ਗੈਂਗਸਟਰ!

ਪ੍ਰਵਾਸੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਨਿੱਜਤਾ, ਪਾਰਦਰਸ਼ਤਾ ਅਤੇ ਸੰਭਾਵੀ ਵਿਤਕਰੇ ਨੂੰ ਲੈ ਕੇ ਚਿੰਤਾ ਜਤਾਈ ਹੈ। ਬਾਇਓਮੈਟ੍ਰਿਕਸ ਅਤੇ ਨਿਗਰਾਨੀ ਕੈਮਰਾ ਕਮਿਸ਼ਨਰ ਵਿਲੀਅਮ ਵੈਬਸਟਰ ਨੇ ਵੀ ਕਿਹਾ ਹੈ ਕਿ ਇਸ ਇਮੀਗ੍ਰੇਸ਼ਨ ਨੀਤੀ ਬਾਰੇ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਗਈ। ਪ੍ਰਸਤਾਵਿਤ ਸੁਰੱਖਿਆ ਨਿਯਮਾਂ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿਗਰਾਨੀ ਸੂਚੀਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਫਿਲਹਾਲ ਇਸ ਤਕਨਾਲੋਜੀ ਨੂੰ ਪੂਰੇ ਬ੍ਰਿਟੇਨ ਵਿੱਚ ਲਾਗੂ ਕਰਨ ਦੀ ਕੋਈ ਅਧਿਕਾਰਤ ਤਰੀਕ ਐਲਾਨੀ ਨਹੀਂ ਗਈ ਹੈ। ਇਸ ਲਈ ਜੇਕਰ ਤੁਸੀਂ ਬ੍ਰਿਟੇਨ ਵਿੱਚ ਰਹਿ ਰਹੇ ਹੋ ਤਾਂ ਆਪਣੇ ਵੀਜ਼ੇ ਦੀ ਮਿਆਦ ਅਤੇ ਇਮੀਗ੍ਰੇਸ਼ਨ ਨਿਯਮਾਂ ਦਾ ਖ਼ਾਸ ਧਿਆਨ ਰੱਖੋ। ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੀ ਇਸ ਨਵੀਂ ਤਬਦੀਲੀ ਬਾਰੇ ਤੁਹਾਡੀ ਕੀ ਰਾਏ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।

Share This Article
Leave a Comment