ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਇੱਕ ਵੀਡੀਓ ਨੇ ਵਿਵਾਦ ਛੇੜ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸਟੇਜ ‘ਤੇ ਮੂਸੇਵਾਲਾ ਦੇ ਮਸ਼ਹੂਰ ਥਾਪੀ ਸਟਾਈਲ ਨੂੰ ਦੁਹਰਾਇਆ ਅਤੇ ਆਪਣੇ ਹੱਥਾਂ ਨਾਲ ਪਿਸਤੌਲ ਚਲਾਉਣ ਵਾਲੇ ਇਸ਼ਾਰੇ ਕੀਤੇ। ਪੂਰੀ ਘਟਨਾ ਟੋਰਾਂਟੋ ਵਿੱਚ ਆਯੋਜਿਤ “ਸਾਈਨ ਟੂ ਗੌਡ ਵਰਲਡ ਟੂਰ” ਹੋਲੋਗ੍ਰਾਮ ਕੰਸਰਟ ਨਾਲ ਸਬੰਧਿਤ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਬਾਲ ਅਧਿਕਾਰ ਸੰਗਠਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (LFHRI) ਨੇ ਨੋਟਿਸ ਲਿਆ ਹੈ। ਸੰਗਠਨ ਨੇ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਕੋਲ ਸ਼ਿਕਾਇਤ ਭੇਜ ਕੇ ਬੱਚੇ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਲਈ ਕਾਰਵਾਈ ਦੀ ਮੰਗ ਕੀਤੀ ਹੈ।
ਸੰਗਠਨ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਵੱਲੋਂ ਦਸਤਖ਼ਤ ਕੀਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਕਰਨਾ ਉਸ ਦੀ ਮਾਨਸਿਕ ਸਿਹਤ ਤੇ ਵਿਕਾਸ ਤੇ ਮਾੜਾ ਅਸਰ ਪਾ ਸਕਦਾ ਹੈ। LFHRI ਨੇ ਮੰਗ ਕੀਤੀ ਹੈ ਕਿ ਬੱਚੇ ਦੇ ਮਾਤਾ-ਪਿਤਾ ਦੀ ਤੁਰੰਤ ਕਾਊਂਸਲਿੰਗ ਕਰਵਾਈ ਜਾਵੇ। ਇਸ ਤੋਂ ਇਲਾਵਾ, ਅੰਤਰਿਮ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਬੱਚੇ ਨੂੰ ਗੋਲੀ ਚਲਾਉਣ ਜਾਂ ਹਥਿਆਰਾਂ ਵਰਗੇ ਇਸ਼ਾਰੇ ਕਰਨ ਦੀ ਸਿਖਲਾਈ ਦੇਣ, ਉਤਸ਼ਾਹਿਤ ਕਰਨ ਜਾਂ ਇਸ ਦੀ ਇਜਾਜ਼ਤ ਦੇਣ ਤੋਂ ਰੋਕਿਆ ਜਾਵੇ।
ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ, ਜਿਸਨੂੰ ਸਿੱਧੂ ਮੂਸੇਵਾਲਾ ਵੀ ਕਿਹਾ ਜਾਂਦਾ ਹੈ, ਨੂੰ 29 ਮਈ, 2022 ਨੂੰ ਮਾਨਸਾ ਵਿੱਚ ਗੋਲੀ ਮਾਰ ਕੇ ਮਾਰ ਦਿੱਤੀ ਗਈ ਸੀ। ਲਾਰੈਂਸ ਗੈਂਗ ਦੇ ਕੈਨੇਡੀਅਨ-ਅਧਾਰਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਜਾਂਚ ਦੇ ਅਨੁਸਾਰ, ਇਹ ਕਤਲ ਇੱਕ ਗੈਂਗ ਰੰਜਿਸ਼ (ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ) ਦਾ ਨਤੀਜਾ ਦੱਸੀ ਗਈ ਸੀ।

