ਨਿਊਜ਼ ਡੈਸਕ: ਹੋਰਮੁਜ਼ ਜਲਡਮਰੂ ਨੇੜੇ ਭਾਰਤੀ ਮਲਾਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਐਤਵਾਰ ਨੂੰ ਭਾਰਤੀ ਕਰੂ ਵਾਲੇ ਟੈਂਕਰ ਐੱਮਟੀ ਪੈਟਰੋ ਡਾਲਫਿਨ ‘ਤੇ ਡਰੋਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ‘ਤੇ 11 ਭਾਰਤੀ ਮਲਾਹ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 2 ਮਲਾਹ ਹਾਲੇ ਵੀ ਲਾਪਤਾ ਹਨ। ਇਸ ਹਮਲੇ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪਿਛਲੇ ਤਿੰਨ ਦਿਨਾਂ ਦੌਰਾਨ ਇਸ ਖੇਤਰ ਵਿੱਚ ਭਾਰਤੀ ਕਰੂ ਵਾਲੇ ਤਿੰਨ ਜਹਾਜ਼ਾਂ ‘ਤੇ ਹਮਲਿਆਂ ਦੀਆਂ ਰਿਪੋਰਟਾਂ ਆਈਆਂ ਹਨ।
ਓਮਾਨ ਦੇ ਤੱਟ ਨੇੜੇ ਟੈਂਕਰ ‘ਤੇ ਹਮਲਾ, ਲਾਪਤਾ ਮਲਾਹਾਂ ਦੀ ਭਾਲ ਜਾਰੀ
ਨਿਕਾਰਾਗੁਆ ਦੇ ਝੰਡੇ ਹੇਠ ਚੱਲ ਰਹੇ ਐੱਮਟੀ ਪੈਟਰੋ ਡਾਲਫਿਨ ‘ਤੇ ਓਮਾਨ ਦੇ ਸੋਹਾਰ ਬੰਦਰਗਾਹ ਨੇੜੇ ਡਰੋਨ ਨਾਲ ਹਮਲਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਹਮਲੇ ਤੋਂ ਬਾਅਦ ਦੋ ਲਾਪਤਾ ਮਲਾਹਾਂ ਦੀ ਭਾਲ ਜਾਰੀ ਹੈ।
ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਭਾਰਤੀ ਅਧਿਕਾਰੀ ਸਥਾਨਕ ਏਜੰਸੀਆਂ ਨਾਲ ਮਿਲ ਕੇ ਲਾਪਤਾ ਮਲਾਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਮਸਕਟ ਸਥਿਤ ਭਾਰਤੀ ਦੂਤਾਵਾਸ ਵੀ ਇਸ ਮਾਮਲੇ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲੇ ਟੈਂਕਰ ਐੱਮਟੀ ਵਾਲਥੇਰਾ ‘ਤੇ ਵੀ ਹੋਰਮੁਜ਼ ਜਲਡਮਰੂ ਵਿੱਚ ਡਰੋਨ ਜਾਂ ਮਿਜ਼ਾਈਲ ਨਾਲ ਹਮਲਾ ਹੋਣ ਦੀ ਰਿਪੋਰਟ ਆਈ ਸੀ। ਇਸ ਹਮਲੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਇਸ ਟੈਂਕਰ ‘ਤੇ ਵੀ 11 ਭਾਰਤੀ ਮਲਾਹ ਸਵਾਰ ਸਨ। ਸੋਨੋਵਾਲ ਮੁਤਾਬਕ, ਸਰਕਾਰ ਜਹਾਜ਼ ਦਾ ਪ੍ਰਬੰਧ ਸੰਭਾਲਣ ਵਾਲੀ ਕੰਪਨੀ ਦੇ ਸੰਪਰਕ ਵਿੱਚ ਹੈ ਅਤੇ ਮਲਾਹਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਲੈ ਰਹੀ ਹੈ।
ਭਾਰਤ ਨੇ ਵਪਾਰਕ ਜਹਾਜ਼ਾਂ ‘ਤੇ ਹਮਲੇ ਰੋਕਣ ਦੀ ਕੀਤੀ ਮੰਗ
ਭਾਰਤੀ ਵਿਦੇਸ਼ ਮੰਤਰਾਲੇ ਨੇ ਵਪਾਰਕ ਜਹਾਜ਼ਾਂ ‘ਤੇ ਹੋਏ ਹਮਲਿਆਂ ਦੀ ਨਿੰਦਾ ਕਰਦਿਆਂ ਸਾਰੇ ਪੱਖਾਂ ਨੂੰ ਤਣਾਅ ਤੁਰੰਤ ਘਟਾਉਣ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ ਕਿ ਵਪਾਰਕ ਜਹਾਜ਼ਾਂ, ਮਲਾਹਾਂ ਅਤੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ।
ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਭਾਰਤੀ ਮਲਾਹਾਂ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ। ਨਾਲ ਹੀ, ਖੇਤਰ ਵਿੱਚ ਚੱਲ ਰਹੇ ਟਕਰਾਅ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੱਢਣ ‘ਤੇ ਜ਼ੋਰ ਦਿੱਤਾ ਗਿਆ ਹੈ। ਭਾਰਤ ਨੇ ਕੌਮਾਂਤਰੀ ਸਮੁੰਦਰੀ ਰਸਤਿਆਂ ਰਾਹੀਂ ਵਪਾਰ ਨੂੰ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਲੋੜ ਵੀ ਉਭਾਰੀ ਹੈ।

