ਚੰਡੀਗੜ੍ਹ: ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ 3 ਅਕਤੂਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਇਲਾਕੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪੁਲਿਸ ਦੇ ਅਨੁਸਾਰ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸੰਧੂ ‘ਤੇ ਗੋਲੀਆਂ ਚਲਾਈਆਂ ਸੀ।ਪੰਜਾਬ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ‘ਤੇ ਜਾਣਕਾਰੀ ਦਿੱਤੀ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੈਡ ਸੰਧੂ ਦੇ ਕਤਲ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਰਾਈਮ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਅਜੀਤ ਰਾਜੀਅਨ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ, ਜੋ ਕਥਿਤ ਤੌਰ ‘ਤੇ ਗੋਲਡੀ ਢਿੱਲੋ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੇ ਇਨਫਲੂਐਂਸਰ ‘ਤੇ ਗੋਲੀ ਚਲਾਈ ਸੀ।
ਰਾਜੀਅਨ ਨੇ ਕਿਹਾ, “ਉਸਦੀ ਭੂਮਿਕਾ ਸ਼ੂਟਰ ਦੀ ਹੈ। ਉਸਨੇ ਗੋਲੀਬਾਰੀ ਕੀਤੀ ਅਤੇ ਬਾਈਕ ਦਾ ਪ੍ਰਬੰਧ ਵੀ ਕੀਤਾ।”ਅਹਿਮਦਾਬਾਦ ਪੁਲਿਸ ਨੂੰ ਸੂਚਿਤ ਕਰਕੇ ਅੱਜ ਪਰਮਿੰਦਰ ਕਾਕਾ ਨੂੰ ਗਿਰਫ਼ਤਾਰ ਕੀਤਾ ਗਿਆ। ਪਰਮਿੰਦਰ ਕਾਕਾ ਸਮੇਤ ਕੁਲ 6 ਲੋਕ ਗਿਰਫ਼ਤਾਰ ਕੀਤੇ ਗਏ ਹਨ। ਪਰਮਿੰਦਰ ਕਾਕਾ ਦੇ ਭਰਾ ਅਮਨਦੀਪ ਦੇ ਖਾਤੇ ‘ਚ ਬਾਹਰੋਂ ਪੈਸੇ ਪਾਏ ਗਏ ਸਨ। ਬਲਰਾਜ ਸਿੰਘ, ਵਿਕਾਸ ਸਿੰਘ, ਬਲਜਿੰਦਰ ਸਿੰਘ ਤੇ ਇੱਕ ਹੋਰ ਨੂੰ ਕਾਬੂ ਕੀਤਾ ਗਿਆ। ਪਰਮਿੰਦਰ ਕਾਕਾ ਨੂੰ ਭਲਕੇ 9 ਅਕਤੂਬਰ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਹੁਣ ਤੱਕ ਸ਼ੂਟਰਾਂ ਨੂੰ ਵਿਦੇਸ਼ ਤੋਂ 16000 ਰੁਪਏ ਮਿਲੇ ਸਨ। ਇਹ ਬਦਮਾਸ਼ ਇਹੋ ਜਿਹੀਆਂ ਕਿਲਿੰਗ ਘਟਨਾਵਾਂ ਕਰਕੇ ਆਪਣਾ ਨਾਮ ਬਣਾ ਕੇ ਦਹਿਸ਼ਤ ਪੈਦਾ ਕਰਕੇ ਲੋਕਾਂ ਨੂੰ ਧਮਕਾ ਕੇ ਪੈਸੇ ਕਮਾਉਣਾ ਚਾਹੁੰਦੇ ਹਨ। ਪਰਮਿੰਦਰ ਕਾਕਾ ਨੂੰ ਅੰਮ੍ਰਿਤਸਰ ਲਿਆਉਣ ਲਈ 6 ਮੈਂਬਰੀ ਪੁਲਿਸ ਟੀਮ ਅਹਿਮਦਾਬਾਦ ਭੇਜੀ ਗਈ ਸੀ।

