ਖੰਨਾ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੌਰਾਨ ਖੰਨਾ ਵਿੱਚ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਆਪਣੇ ਹੀ ਇੱਕ ਸਿਪਾਹੀ ਨੂੰ 10 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਪੰਜਾਬ ਹੋਮਗਾਰਡ ਜਵਾਨ ਨੂੰ ਡਿਊਟੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਮਿਲਣ ਤੋਂ ਬਾਅਦ ਕਾਬੂ ਕੀਤਾ ਗਿਆ।
ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਪੁਲਿਸ ਸਿਪਾਹੀ ਡਿਊਟੀ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਪਹਿਲਾਂ ਹੀ ਵਿਭਾਗੀ ਕਾਰਵਾਈ ਅਧੀਨ ਸਜ਼ਾ ਭੁਗਤ ਰਿਹਾ ਸੀ ਅਤੇ ਮੌਜੂਦਾ ਸਮੇਂ ਖੰਨਾ ਪੁਲਿਸ ਲਾਈਨ ਵਿਖੇ ਲਾਈਨ ਹਾਜ਼ਰ ਚੱਲ ਰਿਹਾ ਸੀ। ਹੁਣ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੇ ਜਾਣ ਤੋਂ ਬਾਅਦ ਉਸ ਤੇ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦੀ ਤਲਵਾਰ ਲਟਕ ਗਈ ਹੈ।
ਸਿਟੀ ਥਾਣਾ-2 ਖੰਨਾ ਦੇ ਐੱਸਐੱਚਓ ਤਰਵਿੰਦਰ ਬੇਦੀ ਨੇ ਦੱਸਿਆ ਕਿ ਪੁਲਿਸ ਲਾਈਨ ਵਿਖੇ ਲਾਈਨ ਹਾਜ਼ਰ ਸਿਪਾਹੀ ਅਰੁਣ ਸ਼ਰਮਾ ਦੇ ਖ਼ਿਲਾਫ਼ ਨਸ਼ਾ ਵੇਚਣ ਅਤੇ ਤਸਕਰੀ ਕਰਨ ਸਬੰਧੀ ਪਹਿਲਾਂ ਤੋਂ ਹੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸੂਚਨਾਵਾਂ ਦੇ ਆਧਾਰ ਤੇ ਪੁਲਿਸ ਵੱਲੋਂ ਐਤਵਾਰ, 4 ਅਕਤੂਬਰ ਨੂੰ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ ਗਈ।
ਪੁਲਿਸ ਨੂੰ ਮੁਖ਼ਬਰ ਖ਼ਾਸ ਪਾਸੋਂ ਇਤਲਾਹ ਮਿਲੀ ਸੀ ਕਿ ਅਰੁਣ ਸ਼ਰਮਾ ਹੈਰੋਇਨ ਦੀ ਸਪਲਾਈ ਦੇਣ ਲਈ ਨਿਕਲਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਜਾਲ ਵਿਛਾਇਆ ਅਤੇ ਉਸ ਨੂੰ ਸਿਟੀ ਥਾਣਾ-2 ਦੇ ਇਲਾਕੇ ਵਿੱਚੋਂ ਹੀ ਦਬੋਚ ਲਿਆ। ਮੌਕੇ ਤੇ ਲਈ ਗਈ ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ 10 ਗ੍ਰਾਮ ਹੈਰੋਇਨ ਦਾ ਪੈਕਟ ਬਰਾਮਦ ਹੋਇਆ।
ਪੁਲਿਸ ਅਧਿਕਾਰੀਆਂ ਅਨੁਸਾਰ ਫੜਿਆ ਗਿਆ ਸਿਪਾਹੀ ਅਰੁਣ ਸ਼ਰਮਾ ਨਾ ਸਿਰਫ਼ ਪਿਛਲੇ ਲੰਬੇ ਸਮੇਂ ਤੋਂ ਖ਼ੁਦ ਨਸ਼ਾ ਕਰਨ ਦਾ ਆਦੀ ਹੈ, ਸਗੋਂ ਉਹ ਹੈਰੋਇਨ ਵੇਚਣ ਦੇ ਗ਼ੈਰ-ਕਾਨੂੰਨੀ ਧੰਦੇ ਵਿੱਚ ਵੀ ਸਰਗਰਮ ਸੀ। ਉਸ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

