ਨਿਊਜ਼ ਡੈਸਕ: ਰੂਸ-ਯੂਕਰੇਨ ਜੰਗ ਦੇ ਵਿਚਕਾਰ ਯੂਕਰੇਨ ਦੇ ਸੂਮੀ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਭਾਰਤੀ ਕਾਰੋਬਾਰੀ ਰਾਜੀਵ ਗੁਪਤਾ ਦੀ ਦਵਾਈ ਬਣਾਉਣ ਵਾਲੀ ਫੈਕਟਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਿੱਚ ਅੱਗੇ ਬਦਲਾਅ ਹੋ ਸਕਦਾ ਹੈ।
ਹਮਲੇ ਕਾਰਨ ਫੈਕਟਰੀ ਦੀ ਮੁੱਖ ਇਮਾਰਤ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਸ਼ੁਰੂਆਤੀ ਅਨੁਮਾਨ ਮੁਤਾਬਕ ਕੰਪਨੀ ਨੂੰ ਘੱਟੋ-ਘੱਟ 400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਮਲੇ ਤੋਂ ਬਾਅਦ ਫੈਕਟਰੀ ਵਾਲੇ ਇਲਾਕੇ ਵਿੱਚੋਂ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦਿਖਾਈ ਦਿੱਤਾ। ਇਹ ਫੈਕਟਰੀ ਰੂਸ ਦੀ ਸਰਹੱਦ ਤੋਂ ਲਗਭਗ 23 ਕਿਲੋਮੀਟਰ ਦੂਰ ਸਥਿਤ ਹੈ।
1990 ਦੇ ਦਹਾਕੇ ’ਚ ਯੂਕਰੇਨ ਗਏ ਸਨ ਰਾਜੀਵ ਗੁਪਤਾ
ਇਹ ਫੈਕਟਰੀ ਕੁਸੁਮ ਗਰੁੱਪ ਦੀ ਹੈ, ਜਿਸ ਨੂੰ ਭਾਰਤੀ ਨਾਗਰਿਕ ਰਾਜੀਵ ਗੁਪਤਾ ਚਲਾਉਂਦੇ ਹਨ। ਉਹ 1990 ਦੇ ਦਹਾਕੇ ਵਿੱਚ ਯੂਕਰੇਨ ਗਏ ਸਨ ਅਤੇ ਉੱਥੇ ਹੀ ਉਨ੍ਹਾਂ ਨੇ ਆਪਣਾ ਕਾਰੋਬਾਰ ਖੜ੍ਹਾ ਕੀਤਾ।
ਕੁਸੁਮ ਗਰੁੱਪ ਨੇ 1994 ਵਿੱਚ ਭਾਰਤੀ ਦਵਾਈਆਂ ਨੂੰ ਯੂਕਰੇਨ ਭੇਜਣ ਵਾਲੀ ਡਿਸਟ੍ਰੀਬਿਊਟਰ ਕੰਪਨੀ ਵਜੋਂ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 1996 ਵਿੱਚ ਕੰਪਨੀ ਨੂੰ ਯੂਕਰੇਨ ਵਿੱਚ ਰਸਮੀ ਤੌਰ ’ਤੇ ਸਥਾਪਿਤ ਕੀਤਾ ਗਿਆ। ਇਸ ਦਾ ਮੁੱਖ ਦਫ਼ਤਰ ਰਾਜਧਾਨੀ ਕੀਵ ਵਿੱਚ ਹੈ ਅਤੇ ਇਸ ਨੂੰ ਯੂਕਰੇਨ ਵਿੱਚ ਕੰਮ ਕਰਨ ਵਾਲੀਆਂ ਪ੍ਰਮੁੱਖ ਭਾਰਤੀ ਫਾਰਮਾ ਕੰਪਨੀਆਂ ਵਿੱਚ ਗਿਣਿਆ ਜਾਂਦਾ ਹੈ।
ਪਹਿਲਾਂ ਦੂਜੀਆਂ ਕੰਪਨੀਆਂ ਦੀਆਂ ਦਵਾਈਆਂ ਵੇਚਦੀ ਸੀ
2002 ਵਿੱਚ ਕੁਸੁਮ ਗਰੁੱਪ ਨੇ ਦੂਜੀਆਂ ਕੰਪਨੀਆਂ ਦੀਆਂ ਦਵਾਈਆਂ ਵੇਚਣ ਦਾ ਕੰਮ ਬੰਦ ਕਰਕੇ ਆਪਣੇ ਬ੍ਰਾਂਡ ਦੀਆਂ ਦਵਾਈਆਂ ਦੀ ਮਾਰਕੀਟਿੰਗ ਸ਼ੁਰੂ ਕੀਤੀ। ਇਸ ਤੋਂ ਬਾਅਦ ਕੰਪਨੀ ਨੇ ਖੁਦ ਦਵਾਈਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। 2007 ਵਿੱਚ ਭਾਰਤ ਵਿੱਚ ਇਸ ਦਾ ਪਲਾਂਟ ਸ਼ੁਰੂ ਹੋਇਆ, ਜਦਕਿ 2009 ਵਿੱਚ ਯੂਕਰੇਨ ਦੇ ਸੂਮੀ ਵਿੱਚ ਦਵਾਈ ਬਣਾਉਣ ਵਾਲੀ ਫੈਕਟਰੀ ਸ਼ੁਰੂ ਕੀਤੀ ਗਈ।
ਕੰਪਨੀ 50 ਤੋਂ ਵੱਧ ਜੈਨਰਿਕ ਦਵਾਈਆਂ ਦੇ ਬ੍ਰਾਂਡ ਬਣਾਉਂਦੀ ਹੈ। ਇਨ੍ਹਾਂ ਵਿੱਚ ਟੈਬਲੇਟ, ਕੈਪਸੂਲ ਅਤੇ ਤਰਲ ਦਵਾਈਆਂ ਸ਼ਾਮਲ ਹਨ। ਇਸ ਦੇ ਉਤਪਾਦ ਯੂਕਰੇਨ ਤੋਂ ਇਲਾਵਾ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਫਿਲੀਪੀਨਜ਼ ਅਤੇ ਹੋਰ ਦੇਸ਼ਾਂ ਵਿੱਚ ਵੀ ਵਿਕਦੇ ਹਨ। ਕੰਪਨੀ ਦਾ ਕਾਰੋਬਾਰ 9 ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।
ਭਾਰਤ ਵਿੱਚ ਵੀ ਕੰਪਨੀ ਦੀਆਂ ਉਤਪਾਦਨ ਇਕਾਈਆਂ ਰਾਜਸਥਾਨ ਦੇ ਭਿਵਾੜੀ ਅਤੇ ਮੱਧ ਪ੍ਰਦੇਸ਼ ਦੇ ਪੀਥਮਪੁਰ, ਇੰਦੌਰ ਵਿੱਚ ਹਨ। ਕੁਸੁਮ ਗਰੁੱਪ ਖੁਦ ਨੂੰ ਭਾਰਤੀ ਜੜ੍ਹਾਂ ਵਾਲੀ ਯੂਕਰੇਨੀ ਕੰਪਨੀ ਦੱਸਦਾ ਹੈ।
ਜੰਗ ਦੇ ਬਾਵਜੂਦ ਚੱਲ ਰਿਹਾ ਸੀ ਸੂਮੀ ਪਲਾਂਟ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਵੀ ਸੂਮੀ ਸਥਿਤ ਇਹ ਫੈਕਟਰੀ ਕੰਮ ਕਰਦੀ ਰਹੀ। ਹੁਣ ਰੂਸੀ ਡਰੋਨ ਹਮਲੇ ਵਿੱਚ ਇਸ ਦੀ ਮੁੱਖ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਫੈਕਟਰੀ ਦਾ ਮੁੱਖ ਕੰਮ ਪ੍ਰਭਾਵਿਤ ਹੋਇਆ ਹੈ।
ਰਿਪੋਰਟ ਮੁਤਾਬਕ ਗਰਮੀਆਂ ਤੋਂ ਰੂਸ ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਸ਼ਹੀਦ ਡਰੋਨ ਦੀ ਵਰਤੋਂ ਕਰ ਰਿਹਾ ਹੈ। ਇਹ ਡਰੋਨ ਜੈੱਟ ਇੰਜਣ ਨਾਲ ਚੱਲਦੇ ਹਨ ਅਤੇ ਤੁਲਨਾਤਮਕ ਤੌਰ ’ਤੇ ਘੱਟ ਕੀਮਤ ਵਾਲੇ ਹਨ। ਯੂਕਰੇਨ ਦੀ ਏਅਰ ਡਿਫੈਂਸ ਲਈ ਇਨ੍ਹਾਂ ਨੂੰ ਰੋਕਣਾ ਚੁਣੌਤੀ ਬਣਿਆ ਹੋਇਆ ਹੈ, ਕਿਉਂਕਿ ਇਨ੍ਹਾਂ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਇੰਟਰਸੈਪਟਰ ਡਰੋਨ ਸ਼ਹੀਦ ਡਰੋਨ ਨਾਲੋਂ ਹੌਲੇ ਦੱਸੇ ਜਾਂਦੇ ਹਨ।
ਇਸੇ ਦੌਰਾਨ ਯੂਕਰੇਨ ਨੇ ਇਸ ਹਫ਼ਤੇ ਆਪਣੀ ਘਰੇਲੂ ਬੈਲਿਸਟਿਕ ਮਿਜ਼ਾਈਲ FP-7 ਨੂੰ ਪਹਿਲੀ ਵਾਰ ਜੰਗ ਵਿੱਚ ਵਰਤਣ ਦਾ ਐਲਾਨ ਕੀਤਾ ਹੈ। ਇਸ ਦੀ ਮਾਰਕ ਸਮਰੱਥਾ ਲਗਭਗ 250 ਕਿਲੋਮੀਟਰ ਦੱਸੀ ਗਈ ਹੈ।

