ਨਿਊਜ਼ ਡੈਸਕ: ਫਲਾਈਟ ਦੇ ਕੌਕਪਿਟ ਵਿੱਚ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਯਾਤਰੀਆਂ ਦੀ ਜਾਨ ਬਚਾਉਣ ਲਈ ਹਿੰਮਤ ਦਿਖਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਦੀ ਹੁਣ ਇਜ਼ਰਾਈਲ ਵਿੱਚ ਵੀ ਜ਼ੋਰਦਾਰ ਚਰਚਾ ਹੋ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਕੈਪਟਨ ਮੱਛਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਬਹਾਦਰੀ ਦੀ ਭਰਵੀਂ ਸ਼ਲਾਘਾ ਕੀਤੀ। ਨੇਤਨਯਾਹੂ ਨੇ ਉਨ੍ਹਾਂ ਨੂੰ ‘ਸੱਚਾ ਹੀਰੋ’ ਦੱਸਦਿਆਂ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕੀਤਾ।
ਇਜ਼ਰਾਈਲ ਵੱਲੋਂ ਦੇਸ਼ ਆਉਣ ਦਾ ਸੱਦਾ
ਕੈਪਟਨ ਸਮਿਤ ਮੱਛਾਰ ਨੂੰ ਇਜ਼ਰਾਈਲ ਵੱਲੋਂ ਆਪਣੇ ਦੇਸ਼ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਮੁੰਬਈ ਸਥਿਤ ਇਜ਼ਰਾਈਲ ਦੇ ਦੂਤਾਵਾਸ ਨੇ ਵੀ ਉਨ੍ਹਾਂ ਨੂੰ ‘ਨਵਾਂ ਹੀਰੋ’ ਕਰਾਰ ਦਿੰਦਿਆਂ ਕਿਹਾ ਕਿ ਇਜ਼ਰਾਈਲ ਉਨ੍ਹਾਂ ਦਾ ਸਵਾਗਤ ਕਰਨ ਦੀ ਉਡੀਕ ਕਰ ਰਿਹਾ ਹੈ।
ਇਸ ਦੇ ਨਾਲ ਹੀ ਇਜ਼ਰਾਈਲ ਸਰਕਾਰ ਵੱਲੋਂ ਕੈਪਟਨ ਮੱਛਾਰ ਨੂੰ ਸਨਮਾਨਿਤ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਜਹਾਜ਼ ਵਿੱਚ ਮੌਜੂਦ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਕੌਕਪਿਟ ਵਿੱਚ ਹਮਲੇ ਤੋਂ ਬਾਅਦ ਵੀ ਨਹੀਂ ਟੁੱਟਿਆ ਹੌਸਲਾ
ਫਲਾਈਦੁਬਈ ਦੀ ਉਡਾਣ ਐੱਫਜ਼ੈੱਡ1073 ਦੁਬਈ ਤੋਂ ਤਲ ਅਵੀਵ ਜਾ ਰਹੀ ਸੀ ਅਤੇ ਇਸ ਵਿੱਚ 174 ਯਾਤਰੀ ਸਵਾਰ ਸਨ। ਉਡਾਣ ਦੌਰਾਨ ਸਹਿ-ਪਾਇਲਟ ਵੱਲੋਂ ਕੈਪਟਨ ਸਮਿਤ ਮੱਛਾਰ ’ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਜਹਾਜ਼ ਵੀ ਤੇਜ਼ੀ ਨਾਲ ਹੇਠਾਂ ਵੱਲ ਜਾਣ ਲੱਗਾ।
ਹਾਲਾਤ ਬੇਹੱਦ ਗੰਭੀਰ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਹਿੰਮਤ ਨਹੀਂ ਹਾਰੀ। ਉਹ ਕੌਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਰਹੇ, ਜਿਸ ਨਾਲ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਅੰਦਰ ਦਾਖ਼ਲ ਹੋ ਕੇ ਹਮਲਾਵਰ ਨੂੰ ਕਾਬੂ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ ਇੱਕ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।
ਕੈਪਟਨ ਮੱਛਾਰ ਇਸ ਸਮੇਂ ਅਬੂਧਾਬੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਭਾਰਤੀ ਦੂਤਾਵਾਸ ਮੁਤਾਬਕ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਹਤਰੀਨ ਡਾਕਟਰੀ ਦੇਖਭਾਲ ਦਿੱਤੀ ਜਾ ਰਹੀ ਹੈ।

