LPU ‘ਚ ਦੇਰ ਰਾਤ ਵਿਗੜੇ ਹਾਲਾਤ, ਇੰਟਰਨੈੱਟ ਬੰਦ, ਯੂਨੀਵਰਸਿਟੀ 10 ਦਿਨ ਲਈ ਬੰਦ

Global Team
3 Min Read

ਫਗਵਾੜਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਵਿਦਿਆਰਥੀਆਂ ਦੇ ਹੰਗਾਮੇ ਤੋਂ ਬਾਅਦ ਹਾਲਾਤ ਕਾਬੂ ਕਰਨ ਲਈ ਪ੍ਰਸ਼ਾਸਨ ਨੇ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ ‘ਤੇ ਕੋਈ ਭੜਕਾਊ ਵੀਡੀਓ ਜਾਂ ਮੈਸੇਜ ਮੁੜ ਮਾਹੌਲ ਨਾ ਵਿਗਾੜੇ, ਇਸ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ ਅਤੇ DGP ਗੌਰਵ ਯਾਦਵ ਨੂੰ ਖੁਦ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਆਦੇਸ਼ ਦਿੱਤੇ ਹਨ।

10 ਦਿਨ ਲਈ ਯੂਨੀਵਰਸਿਟੀ ਬੰਦ

ਹੰਗਾਮੇ ਤੋਂ ਬਾਅਦ LPU ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਜਿਹੜੇ ਘਰ ਜਾਣਾ ਚਾਹੁੰਦੇ ਹਨ, ਉਹ ਆਪਣੇ ਮਾਪਿਆਂ ਨੂੰ ਬੁਲਾ ਸਕਦੇ ਹਨ। ਜਿਹੜੇ ਵਿਦਿਆਰਥੀ ਕੈਂਪਸ ਵਿੱਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਨਾਂ ਜ਼ਰੂਰਤ ਹੋਸਟਲ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਨਾਲ ਮਿਡ-ਟਰਮ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਐਤਵਾਰ ਸਵੇਰੇ ਕਰੀਬ 6 ਵਜੇ ਤੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਲੱਗਾ ਜਾਮ ਕਰੀਬ 18 ਘੰਟਿਆਂ ਬਾਅਦ ਰਾਤ 12 ਵਜੇ ਖੋਲ੍ਹਿਆ ਗਿਆ। ਹੰਗਾਮੇ ਦੌਰਾਨ ਮਾਲ ਵਿੱਚ ਸਮਾਨ ਦੀ ਲੁੱਟ ਅਤੇ ਗਰਲਜ਼ ਹੋਸਟਲ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਦੀ ਗੱਲ ਵੀ ਸਾਹਮਣੇ ਆਈ।

ਸੋਸ਼ਲ ਮੀਡੀਆ ਮੈਸੇਜ ਤੋਂ ਸ਼ੁਰੂ ਹੋਇਆ ਹੰਗਾਮਾ

ਸ਼ਨੀਵਾਰ ਰਾਤ ਸੋਸ਼ਲ ਮੀਡੀਆ ‘ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕਿਸੇ ਬਾਹਰੀ ਵਿਅਕਤੀ ਨੇ ਗਰਲਜ਼ ਹੋਸਟਲ ਵਿੱਚ ਦਾਖ਼ਲ ਹੋ ਕੇ ਇੱਕ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਹੈ। ਇਸ ਮੈਸੇਜ ਤੋਂ ਬਾਅਦ ਵਿਦਿਆਰਥੀ ਹੋਸਟਲ ਦੇ ਬਾਹਰ ਇਕੱਠੇ ਹੋਏ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਹੋ ਗਈ।

ਵਿਦਿਆਰਥੀਆਂ ਨੇ ਕੈਂਪਸ ਵਿੱਚ ਭੰਨਤੋੜ ਕੀਤੀ ਅਤੇ ਇੱਕ ਥਾਂ ਅੱਗ ਵੀ ਲਗਾਈ। ਇਸ ਤੋਂ ਬਾਅਦ ਉਹ ਮੁੱਖ ਗੇਟ ਵੱਲ ਗਏ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਧਰਨਾ ਲਾ ਦਿੱਤਾ। ਵਿਦਿਆਰਥੀਆਂ ਦੀ ਮੰਗ ਸੀ ਕਿ ਕਥਿਤ ਬਲਾਤਕਾਰ ਅਤੇ ਖੁਦਕੁਸ਼ੀ ਦੇ ਮਾਮਲੇ ਵਿੱਚ FIR ਦਰਜ ਕੀਤੀ ਜਾਵੇ।

FIR ਤੋਂ ਬਾਅਦ ਵੀ ਜਾਰੀ ਰਿਹਾ ਧਰਨਾ

ਪੁਲਿਸ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ, ਪਰ ਉਹ FIR ਦੀ ਕਾਪੀ ਮਿਲਣ ਤੱਕ ਹਾਈਵੇਅ ਤੋਂ ਹਟਣ ਲਈ ਤਿਆਰ ਨਹੀਂ ਸਨ। ਪੁਲਿਸ ਨੇ ਫਗਵਾੜਾ ਦੇ ਸਤਨਾਮਪੁਰਾ ਥਾਣੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ FIR ਦਰਜ ਕਰਕੇ ਇਸ ਦੀ ਕਾਪੀ ਵਿਦਿਆਰਥੀਆਂ ਨੂੰ ਦਿਖਾਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ LPU ਦੇ ਮਾਲਕ ਅਸ਼ੋਕ ਮਿੱਤਲ ਨਾਲ ਮੁਲਾਕਾਤ ਦੀ ਮੰਗ ਰੱਖ ਦਿੱਤੀ।

ਰਾਤ ਕਰੀਬ 8 ਵਜੇ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਟਕਰਾਅ ਹੋ ਗਿਆ। ਪੱਥਰਬਾਜ਼ੀ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਕੁਝ ਵਿਦਿਆਰਥੀ ਜ਼ਖ਼ਮੀ ਹੋਏ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਇਸ ਤੋਂ ਬਾਅਦ ਵਿਦਿਆਰਥੀ ਹੋਸਟਲਾਂ ਵਿੱਚ ਵਾਪਸ ਚਲੇ ਗਏ ਅਤੇ ਪੁਲਿਸ ਨੇ ਹਾਈਵੇਅ ‘ਤੇ ਆਵਾਜਾਈ ਬਹਾਲ ਕਰਵਾ ਦਿੱਤੀ।

ਪੁਲਿਸ ਨੇ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਇਸ ਵੇਲੇ ਯੂਨੀਵਰਸਿਟੀ ਵਿੱਚ ਪੁਲਿਸ ਬਲ ਤਾਇਨਾਤ ਹੈ।

Share This Article
Leave a Comment