ਨਿਊਜ਼ ਡੈਸਕ: ਫਿਰੋਜ਼ਪੁਰ ਵਿਜੀਲੈਂਸ ਵਿਭਾਗ ਵੱਲੋਂ ਮੋਗਾ ਜ਼ਿਲ੍ਹੇ ‘ਚ ਰਿਸ਼ਵਤਖੋਰੀ ਦੇ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਕੋਟ ਈਸੇ ਖਾਂ ਦੀ ਇੰਚਾਰਜ ਸੁਨੀਤਾ ਬਾਵਾ ਨੂੰ ਪੰਜਾਬ ਹੋਮ ਗਾਰਡ ਦੇ ਇੱਕ ਜਵਾਨ ਸਮੇਤ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਰਾਜਵਿੰਦਰ ਸਿੰਘ ਨਿਵਾਸੀ ਨੂਰਪੁਰ ਹਕੀਮਾ, ਮੋਗਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾ ਨਾਲ ਸਬੰਧਤ ਇੱਕ ਪਰਿਵਾਰ ਨੂੰ ਐਨਡੀਪੀਐਸ ਮਾਮਲੇ ‘ਚ ਫਸਾਉਣ ਦੀ ਧਮਕੀ ਦੇ ਕੇ ਕਥਿਤ ਤੌਰ ਤੇ 2 ਲੱਖ ਰੁਪਏ ਦੀ ਰਿਸ਼ਵਤ ਮੰਗੇ ਜਾਣ ਦਾ ਇਲਜ਼ਾਮ ਹੈ। ਇਸ ਮਾਮਲੇ ‘ਚ ਕਥਿਤ ਤੌਰ ਤੇ 1 ਲੱਖ ਰੁਪਏ ‘ਚ ਸੌਦਾ ਤੈਅ ਹੋਇਆ ਸੀ। ਇਸ ਮਾਮਲੇ ‘ਚ ਵਿਜੀਲੈਂਸ ਵੱਲੋਂ ਸੁਨੀਤਾ ਬਾਵਾ ਦੇ ਇੱਕ ਕਥਿਤ ਸਹਿਯੋਗੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਹੈ।
ਵਿਜੀਲੈਂਸ ਟੀਮ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਲ ਵਿਛਾਇਆ ਸੀ। ਰਾਜਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਐਸਐਚਓ ਸੁਨੀਤਾ ਰਾਣੀ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੀ ਸੀ। ਇਹ ਰਿਸ਼ਵਤ ਕਿਸੇ ਮਾਮਲੇ ਵਿਚ ਮਦਦ ਕਰਨ ਦੇ ਐਵਜ਼ ਵਿਚ ਮੰਗੀ ਜਾ ਰਹੀ ਸੀ। ਫ਼ਿਰੋਜ਼ਪੁਰ ਵਿਜੀਲੈਂਸ ਦੀ ਇੰਸਪੈਕਟਰ ਗਗਨਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਨੇ ਇਹ ਗ੍ਰਿਫ਼ਤਾਰੀ ਕੀਤੀ।
ਸੁਨੀਤਾ ਰਾਣੀ ਨੂੰ ਰਿਸ਼ਵਤ ਦੀ ਰਕਮ ਦੇ ਨਾਲ ਫੜਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਦਫ਼ਤਰ ਲੈ ਜਾਇਆ ਗਿਆ। ਉੱਥੇ ਉਨ੍ਹਾਂ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ਵਿਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

