ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Ghostface Killah’ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਵਿਊਜ਼ ਮਿਲ ਗਏ ਹਨ। ਗੀਤ ਦੇ ਗਾਇਕ, ਲੇਖਕ ਅਤੇ ਕੰਪੋਜ਼ਰ ਵਜੋਂ ਸਿੱਧੂ ਮੂਸੇਵਾਲਾ ਦਾ ਨਾਮ ਦਿੱਤਾ ਗਿਆ ਹੈ।
ਗੀਤ ਦਾ ਮਿਊਜ਼ਿਕ Mxrci ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਵਿਜ਼ੂਅਲ ਨਵਕਰਨ ਬਰਾੜ ਨੇ ਤਿਆਰ ਕੀਤੇ ਹਨ। ਗੀਤ ਦੇ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
‘Ghostface Killah’ ਨਾਮ ਦਾ ਕਨੈਕਸ਼ਨ
‘Ghostface Killah’ ਨਾਮ ਦਾ ਸਬੰਧ ਅਮਰੀਕੀ ਹਿਪ-ਹੌਪ ਗਰੁੱਪ ‘Wu-Tang Clan’ ਦੇ ਮਸ਼ਹੂਰ ਰੈਪਰ Ghostface Killah ਨਾਲ ਹੈ। ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਪਹਿਲਾਂ ਵੀ ਅੰਤਰਰਾਸ਼ਟਰੀ ਹਿਪ-ਹੌਪ ਕਲਚਰ ਨਾਲ ਜੁੜੇ ਹਵਾਲੇ ਸੁਣਨ ਨੂੰ ਮਿਲਦੇ ਰਹੇ ਹਨ।
ਉਨ੍ਹਾਂ ਦੇ ਇੱਕ ਪੁਰਾਣੇ ਅੰਤਰਰਾਸ਼ਟਰੀ ਕੋਲੈਬੋਰੇਸ਼ਨ ‘Dilemma’ ਵਿੱਚ ਵੀ Ghostface Killah ਅਤੇ Wu-Tang Clan ਦਾ ਜ਼ਿਕਰ ਕੀਤਾ ਗਿਆ ਸੀ। ਇਸ ਕਰਕੇ ਨਵੇਂ ਗੀਤ ਦਾ ਇਹ ਨਾਮ ਵੀ ਸਿੱਧੂ ਦੇ ਸੰਗੀਤ ਅਤੇ ਅੰਤਰਰਾਸ਼ਟਰੀ ਹਿਪ-ਹੌਪ ਪ੍ਰਭਾਵ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਮੌਤ ਤੋਂ ਬਾਅਦ ਵੀ ਜਾਰੀ ਹੈ ਸੰਗੀਤ ਦਾ ਸਫ਼ਰ
ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਪਹਿਲਾਂ ਰਿਕਾਰਡ ਕੀਤੇ ਗਏ ਕਈ ਗੀਤ ਸਮੇਂ-ਸਮੇਂ ’ਤੇ ਰਿਲੀਜ਼ ਹੁੰਦੇ ਰਹੇ ਹਨ। ਗਾਇਕ ਹੋਣ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਨੇ ਰੈਪਰ ਅਤੇ ਗੀਤਕਾਰ ਵਜੋਂ ਵੀ ਆਪਣੀ ਵੱਖਰੀ ਪਛਾਣ ਬਣਾਈ ਸੀ।
‘Ghostface Killah’ ਨੂੰ ਮਿਲ ਰਹੇ ਹੁੰਗਾਰੇ ਤੋਂ ਇੱਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਗੀਤਾਂ ਪ੍ਰਤੀ ਪ੍ਰਸ਼ੰਸਕਾਂ ਦੀ ਦਿਲਚਸਪੀ ਦਿਖਾਈ ਦੇ ਰਹੀ ਹੈ।
ਯੂਟਿਊਬ ’ਤੇ ਰਿਲੀਜ਼ ਹੋਈ ਇਸ ਗੀਤ ਦੀ ਵੀਡੀਓ ਨੂੰ ਮਹਿਜ਼ 17 ਘੰਟਿਆਂ ਵਿੱਚ 35 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਸਨ। ਇਸ ਦੇ ਨਾਲ ਹੀ 11 ਲੱਖ ਤੋਂ ਵੱਧ ਕੁਮੈਂਟ ਵੀ ਦਰਜ ਕੀਤੇ ਗਏ। ਪ੍ਰਸ਼ੰਸਕਾਂ ਵੱਲੋਂ ਗੀਤ ਦੇ ਮਿਊਜ਼ਿਕ ਅਤੇ ਵੀਡੀਓ ਦੀ ਵੀ ਤਾਰੀਫ਼ ਕੀਤੀ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਮਿਲ ਰਿਹਾ ਇਹ ਹੁੰਗਾਰਾ ਦੱਸਦਾ ਹੈ ਕਿ ਉਨ੍ਹਾਂ ਦੇ ਸੰਗੀਤ ਅਤੇ ਆਵਾਜ਼ ਨਾਲ ਜੁੜੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੇ ਨਵੇਂ ਰਿਲੀਜ਼ ਹੋ ਰਹੇ ਗੀਤਾਂ ਨੂੰ ਲੈ ਕੇ ਉਤਸ਼ਾਹਿਤ ਹਨ।

