ਅੰਮ੍ਰਿਤਸਰ ASI ਕਤਲ ਮਾਮਲੇ ’ਚ ਵੱਡੀ ਕਾਰਵਾਈ, ਪੁਲਿਸ ਮੁਕਾਬਲੇ ’ਚ ਇੱਕ ਸ਼ੂਟਰ ਢੇਰ

Global Team
4 Min Read

ਅੰਮ੍ਰਿਤਸਰ: ਪੰਜਾਬ ਪੁਲਿਸ ਦੇ ASI ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਪੁਲਿਸ ਮੁਤਾਬਕ, ਕਤਲ ਵਿੱਚ ਸ਼ਾਮਲ ਦੱਸੇ ਜਾ ਰਹੇ ਦੋ ਸ਼ੂਟਰਾਂ ਵਿੱਚੋਂ ਇੱਕ ਦੀ ਪੁਲਿਸ ਨਾਲ ਮੁਕਾਬਲੇ ਦੌਰਾਨ ਮੌਤ ਹੋ ਗਈ, ਜਦਕਿ ਦੂਜਾ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਕ ਸਿੰਘ ਵਜੋਂ ਹੋਈ ਹੈ, ਜੋ ਮੂਲੇਚੱਕ ਪਿੰਡ ਦਾ ਰਹਿਣ ਵਾਲਾ ਸੀ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਮੁਤਾਬਕ, ਪੁਲਿਸ ਨੂੰ CCTV ਫੁਟੇਜ, ਤਕਨੀਕੀ ਜਾਣਕਾਰੀ, ਟਾਵਰ-ਡੰਪ ਵਿਸ਼ਲੇਸ਼ਣ ਅਤੇ ਸਥਾਨਕ ਸੂਚਨਾਵਾਂ ਰਾਹੀਂ ਮੁਲਜ਼ਮਾਂ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਗਈ।

ਨਾਕੇ ’ਤੇ ਰੋਕਣ ’ਤੇ ਪੁਲਿਸ ’ਤੇ ਫਾਇਰਿੰਗ ਦਾ ਦਾਅਵਾ

ਪੁਲਿਸ ਮੁਤਾਬਕ ਸ਼ਨੀਵਾਰ ਰਾਤ ਦੋ ਸ਼ੱਕੀ ਵਿਅਕਤੀ ਸਕੂਟੀ ’ਤੇ ਜਾ ਰਹੇ ਸਨ। ਨਾਕੇ ’ਤੇ ਪੁਲਿਸ ਟੀਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਕਥਿਤ ਤੌਰ ’ਤੇ ਭੱਜਣ ਲੱਗੇ। ਅਗਲੇ ਨਾਕੇ ਨੇੜੇ ਉਨ੍ਹਾਂ ਨੇ ਪੁਲਿਸ ਟੀਮ ’ਤੇ ਫਾਇਰਿੰਗ ਕੀਤੀ।

ਪੁਲਿਸ ਦੇ ਅਨੁਸਾਰ ਮੁਲਜ਼ਮਾਂ ਵੱਲੋਂ ਚਾਰ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਨੂੰ ਲੱਗੀਆਂ, ਜਦਕਿ ਇੱਕ ਗੋਲੀ CIA ਸਟਾਫ ਦੇ ਜਵਾਨ ਦੀ ਛਾਤੀ ’ਤੇ ਲੱਗੀ। ਹਾਲਾਂਕਿ ਬੁਲੇਟਪ੍ਰੂਫ ਜੈਕਟ ਕਾਰਨ ਉਸ ਦੀ ਜਾਨ ਬਚ ਗਈ।

ਪੁਲਿਸ ਨੇ ਕਿਹਾ ਕਿ ਇਸ ਤੋਂ ਬਾਅਦ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਗਈ। ਮੁਕਾਬਲੇ ਦੌਰਾਨ ਦੀਪਕ ਸਿੰਘ ਨੂੰ ਗੋਲੀ ਲੱਗੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜਾ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਪੁਲਿਸ ਨੇ ਇੱਕ .30 ਬੋਰ ਪਿਸਤੌਲ, ਦੋ ਮੈਗਜ਼ੀਨ, ਅੱਠ ਜ਼ਿੰਦਾ ਕਾਰਤੂਸ, ਮੋਬਾਈਲ ਫੋਨ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਬੈਠੇ ਹੈਂਡਲਰ ਨਾਲ ਸਬੰਧਾਂ ਦਾ ਪੁਲਿਸ ਦਾ ਦਾਅਵਾ

ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਕਤਲ ਦੀ ਸਾਜ਼ਿਸ਼ ਦੇ ਤਾਰ ਵਿਦੇਸ਼ ਤੋਂ ਕੰਮ ਕਰ ਰਹੇ ਇੱਕ ਪਾਕਿਸਤਾਨ ਸਥਿਤ ਹੈਂਡਲਰ ਨਾਲ ਜੁੜਨ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਸ਼ੂਟਰਾਂ ਨੂੰ ਪੈਸਿਆਂ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਦਾ ਲਾਲਚ ਦਿੱਤਾ ਗਿਆ ਸੀ।

ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਇੱਕ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਜਾਂਚ ਏਜੰਸੀਆਂ ਹੁਣ ਬਰਾਮਦ ਕੀਤੇ ਮੋਬਾਈਲ ਫੋਨ ਦੇ ਡੇਟਾ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕਰ ਰਹੀਆਂ ਹਨ।

ASI ਹਰਜੀਤ ਸਿੰਘ ਦੀ ਰੇਕੀ ਨਹੀਂ ਕੀਤੀ ਗਈ ਸੀ

ਪੁਲਿਸ ਕਮਿਸ਼ਨਰ ਮੁਤਾਬਕ, ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਖਾਸ ਤੌਰ ’ਤੇ ASI ਹਰਜੀਤ ਸਿੰਘ ਦੀ ਰੇਕੀ ਨਹੀਂ ਕੀਤੀ ਸੀ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ ਅਤੇ ਉਸ ਸਮੇਂ ਹਰਜੀਤ ਸਿੰਘ ਉਨ੍ਹਾਂ ਦੇ ਸਾਹਮਣੇ ਆ ਗਏ।

ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਵਾਰਦਾਤ ਤੋਂ ਬਾਅਦ ਬਣਾਈ ਗਈ ਕਥਿਤ ਵੀਡੀਓ ਕਿਸ ਨੂੰ ਭੇਜੀ ਗਈ ਸੀ ਅਤੇ ਇਸ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ ਬਾਰੇ ਹੋਰ ਕੀ ਜਾਣਕਾਰੀ ਮਿਲ ਸਕਦੀ ਹੈ।

ਗਸ਼ਤ ਦੌਰਾਨ ASI ਨੂੰ ਮਾਰੀ ਗਈ ਸੀ ਗੋਲੀ

ASI ਹਰਜੀਤ ਸਿੰਘ ਗੇਟ ਹਕੀਮਾ ਥਾਣੇ ਅਧੀਨ ਪੁਲਿਸ ਕੰਟਰੋਲ ਰੂਮ ਵਿੱਚ ਤਾਇਨਾਤ ਸਨ। 18 ਸਤੰਬਰ ਦੀ ਦੇਰ ਰਾਤ ਉਹ ਭਗਤਾਂਵਾਲਾ ਦਾਣਾ ਮੰਡੀ ਨੇੜੇ ਡਿਊਟੀ ’ਤੇ ਸਨ। ਇਸ ਦੌਰਾਨ ਦੋ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੀ ਗਰਦਨ ਦੇ ਪਿਛਲੇ ਹਿੱਸੇ ’ਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਇਸ ਕਤਲ ਤੋਂ ਬਾਅਦ ਪੁਲਿਸ ਨੇ CCTV ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਾਂਚ ਅੱਗੇ ਵਧਾਈ। ਇਸੇ ਜਾਂਚ ਦੌਰਾਨ ਪੁਲਿਸ ਨੂੰ ਦੀਪਕ ਸਿੰਘ ਬਾਰੇ ਜਾਣਕਾਰੀ ਮਿਲੀ ਅਤੇ ਬਾਅਦ ਵਿੱਚ ਉਸ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

Share This Article
Leave a Comment