ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਪਵਿੱਤਰ ਸਿੰਘ ਦੱਸਿਆ ਕਿ ਡਰਾਈਵਰ ’ਤੇ ਪਹਿਲਾਂ ਕਥਿਤ ਤੌਰ ’ਤੇ ਨਸਲੀ ਟਿੱਪਣੀ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ।
ਹਮਲੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਡਰਾਈਵਰ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਦੱਸੀ ਗਈ ਹੈ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਵਿੱਤਰ ਸਿੰਘ ਮੁਤਾਬਕ, ਗੁਰਵਿੰਦਰ ਦੀ ਹਾਲਤ ਅਜੇ ਵੀ ਗੰਭੀਰ ਹੈ ਅਤੇ ਉਹ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਟਰੱਕ ਤੋਂ ਲਗਭਗ 100 ਮੀਟਰ ਦੂਰ ਖੂਨ ਨਾਲ ਲੱਥਪੱਥ ਮਿਲਿਆ
ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ WJ Transport ਲਈ ਕੰਮ ਕਰਦਾ ਸੀ। ਉਹ ਰੈਸਟ ਲੇਨ ਵਿੱਚ ਆਪਣਾ ਟਰੱਕ ਖੜ੍ਹਾ ਕਰਕੇ ਆਰਾਮ ਕਰ ਰਿਹਾ ਸੀ। ਬਾਅਦ ਵਿੱਚ ਉਹ ਆਪਣੇ ਟਰੱਕ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲਿਆ।
ਘਟਨਾ ਨਾਲ ਸਬੰਧਤ ਸਾਹਮਣੇ ਆਈ ਵੀਡੀਓ ਵਿੱਚ ਟਰੱਕ ਰੋਡਸਾਈਡ ਰੈਸਟ ਏਰੀਆ ਵਿੱਚ ਖੜ੍ਹਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਆਲੇ-ਦੁਆਲੇ ਖੂਨ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਹਨ।
ਹਮਲਾਵਰ ਤੋਂ ਬਚਣ ਲਈ ਦੌੜਿਆ ਹੋਣ ਦਾ ਖ਼ਦਸ਼ਾ
ਸਾਹਮਣੇ ਆਈ ਵੀਡੀਓ ਦੇ ਆਧਾਰ ’ਤੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਗੁਰਵਿੰਦਰ ਨੇ ਆਪਣੇ ਆਪ ਨੂੰ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਉਸ ਨੂੰ ਇੱਕ ਹੋਰ ਟਰੱਕ ਨੇੜੇ ਡਿੱਗੀ ਹੋਈ ਹਾਲਤ ਵਿੱਚ ਪਾਇਆ ਗਿਆ।
ਪਵਿੱਤਰ ਸਿੰਘ ਮੁਤਾਬਕ, ਗੁਰਵਿੰਦਰ ਬੇਹੋਸ਼ ਸੀ ਅਤੇ ਆਵਾਜ਼ ਮਾਰਨ ’ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ। ਸ਼ੁਰੂਆਤ ਵਿੱਚ ਇਸ ਘਟਨਾ ਨੂੰ ਲੈ ਕੇ ਉਸ ਦੀ ਮੌਤ ਦੀ ਖ਼ਬਰ ਵੀ ਫੈਲ ਗਈ ਸੀ, ਪਰ ਕੈਲੀਫੋਰਨੀਆ ਵਿੱਚ ਰਹਿੰਦੇ ਗੁਰਮੀਤ ਸਿੰਘ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਗੁਰਵਿੰਦਰ ਦੀ ਮੌਤ ਨਹੀਂ ਹੋਈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਚਾਕੂ ਨਾਲ ਕਈ ਵਾਰ ਹਮਲਾ ਕਰਨ ਦਾ ਦਾਅਵਾ
ਪਵਿੱਤਰ ਸਿੰਘ ਨੇ ਦਾਅਵਾ ਕੀਤਾ ਕਿ ਗੁਰਵਿੰਦਰ ਸਿੰਘ ’ਤੇ ਚਾਕੂ ਨਾਲ ਕਰੀਬ 20 ਜਾਂ ਇਸ ਤੋਂ ਵੱਧ ਵਾਰ ਕੀਤੇ ਗਏ। ਹਾਲਾਂਕਿ, ਇਸ ਦਾਅਵੇ ਦੀ ਪੁਲਿਸ ਵੱਲੋਂ ਪੁਸ਼ਟੀ ਸਾਹਮਣੇ ਨਹੀਂ ਆਈ ਹੈ।
ਉਨ੍ਹਾਂ ਮੁਤਾਬਕ, ਕਥਿਤ ਹਮਲਾਵਰ ਗੋਰਾ ਵਿਅਕਤੀ ਸੀ। ਫਿਲਹਾਲ ਉਸ ਦੀ ਪਛਾਣ ਸਾਹਮਣੇ ਨਹੀਂ ਆਈ ਅਤੇ ਨਾ ਹੀ ਕਿਸੇ ਗ੍ਰਿਫ਼ਤਾਰੀ ਦੀ ਜਾਣਕਾਰੀ ਹੈ। ਇਹ ਵੀ ਸਪਸ਼ਟ ਨਹੀਂ ਹੋਇਆ ਕਿ ਹਮਲੇ ਤੋਂ ਪਹਿਲਾਂ ਦੋਵਾਂ ਵਿਚਾਲੇ ਕੀ ਗੱਲਬਾਤ ਜਾਂ ਝਗੜਾ ਹੋਇਆ ਸੀ।
ਘਟਨਾ ਤੋਂ ਬਾਅਦ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਗੁੱਸਾ ਹੈ। ਕਮਿਊਨਿਟੀ ਨਾਲ ਜੁੜੇ ਲੋਕਾਂ ਦਾ ਦੋਸ਼ ਹੈ ਕਿ ਪੰਜਾਬੀ ਅਤੇ ਸਿੱਖ ਟਰੱਕ ਡਰਾਈਵਰਾਂ ਨੂੰ ਨਸਲੀ ਟਿੱਪਣੀਆਂ ਅਤੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਮਿਊਨਿਟੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਸਥਾਨਕ ਮੀਡੀਆ ਵਿੱਚ ਲੋੜੀਂਦੀ ਕਵਰੇਜ ਨਹੀਂ ਮਿਲਦੀ। ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਘਟਨਾ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਅਪੀਲ ਕੀਤੀ ਹੈ।
ਡੇਢ ਲੱਖ ਸਿੱਖ ਟਰੱਕ ਡਰਾਈਵਰਾਂ ਦਾ ਦਾਅਵਾ
ਉੱਤਰੀ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕਾ ਵਿੱਚ ਕਰੀਬ ਡੇਢ ਲੱਖ ਸਿੱਖ ਟਰੱਕ ਡਰਾਈਵਰ ਹਨ। ਐਸੋਸੀਏਸ਼ਨ ਮੁਤਾਬਕ, ਸਿੱਖ ਡਰਾਈਵਰਾਂ ਨੂੰ ਕਥਿਤ ਤੌਰ ’ਤੇ ਨਸਲੀ ਪ੍ਰੋਫਾਈਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਵਿੱਚ ਸਿੱਖ ਅਤੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਅਤੇ ਨਸਲੀ ਭੇਦਭਾਵ ਦੇ ਦੋਸ਼ ਸਾਹਮਣੇ ਆ ਚੁੱਕੇ ਹਨ। ਫਿਲਹਾਲ ਗੁਰਵਿੰਦਰ ਸਿੰਘ ’ਤੇ ਹੋਏ ਹਮਲੇ ਦੀ ਪੁਲਿਸ ਜਾਂਚ ਜਾਰੀ ਹੈ।

