ਲੁਧਿਆਣਾ ਐਨਕਾਊਂਟਰ ਮਾਮਲੇ ’ਚ ਵੱਡਾ ਖੁਲਾਸਾ, ਸ਼ੂਟਰਾਂ ਵਲੋਂ ਇਸ ਸਮਾਗਮ ਨੂੰ ਨਿਸ਼ਾਨਾਂ ਬਣਾਉਣ ਦੀ ਸੀ ਤਿਆਰੀ

Global Team
5 Min Read

ਲੁਧਿਆਣਾ: ਲੁਧਿਆਣਾ ਵਿੱਚ ਐਤਵਾਰ ਨੂੰ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਦੋ ਸ਼ੂਟਰ ਕਥਿਤ ਤੌਰ ’ਤੇ ਦਿਵੰਗਤ ਕਾਂਗਰਸ ਆਗੂ ਰਾਜਵਿੰਦਰ ਸਿੰਘ ਗਰੇਵਾਲ ਉਰਫ਼ ਰਵੀ ਖਵਾਜਕੇ ਦੀ ਯਾਦ ਵਿੱਚ ਲਗਾਏ ਗਏ ਬਲੱਡ ਡੋਨੇਸ਼ਨ ਕੈਂਪ ਨੂੰ ਨਿਸ਼ਾਨਾ ਬਣਾਉਣ ਆਏ ਸਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੁਤਾਬਕ ਕੈਂਪ ਵਿੱਚ ਫਾਇਰਿੰਗ ਕਰਨ ਦੀ ਯੋਜਨਾ ਕੁਝ ਦਿਨਾਂ ਤੋਂ ਬਣਾਈ ਜਾ ਰਹੀ ਸੀ।

ਪੁਲਿਸ ਮੁਤਾਬਕ ਦੋਵੇਂ ਸ਼ੂਟਰਾਂ ਨੂੰ ਕੈਂਪ ਵਿੱਚ ਗੋਲੀਬਾਰੀ ਕਰਨ ਲਈ ਭੇਜਿਆ ਗਿਆ ਸੀ। ਹਾਲਾਂਕਿ, ਪੁਲਿਸ ਦੀ ਸਮੇਂ ਸਿਰ ਕਾਰਵਾਈ ਕਾਰਨ ਸੰਭਾਵਿਤ ਖ਼ੂਨ-ਖ਼ਰਾਬਾ ਟਲ ਗਿਆ। ਦਿਨ ਦੇ ਸਮੇਂ ਇਸ ਕੈਂਪ ਵਿੱਚ ਕਈ ਸਿਆਸੀ ਆਗੂ ਵੀ ਪਹੁੰਚੇ ਸਨ।

ਕੈਂਪ ਦੇ ਪ੍ਰਬੰਧਕ ਨੇ ਕਿਹਾ- ਕਿਸੇ ਨਾਲ ਦੁਸ਼ਮਣੀ ਨਹੀਂ

ਬਲੱਡ ਡੋਨੇਸ਼ਨ ਕੈਂਪ ਦੇ ਪ੍ਰਬੰਧਕ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਲੜਕਿਆਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਗੋਲੀ ਚਲਾਉਣ ਵਾਲੇ ਲੋਕ ਕੈਂਪ ਨੂੰ ਕਿਉਂ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।

ਤਰਸੇਮ ਸਿੰਘ ਮੁਤਾਬਕ ਪੁਲਿਸ ਤੋਂ ਸੂਚਨਾ ਮਿਲਣ ਤੋਂ ਬਾਅਦ ਕਰੀਬ 3 ਵਜੇ ਕੈਂਪ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਰੀਬ 700 ਯੂਨਿਟ ਖੂਨ ਇਕੱਠਾ ਹੋਇਆ।

ਬਾਈਕ ’ਤੇ ਲੁਧਿਆਣਾ ਪਹੁੰਚੇ ਸਨ ਸ਼ੂਟਰ

ਪੁਲਿਸ ਮੁਤਾਬਕ ਰਵੀ ਖਵਾਜਕੇ ਦੀ ਯਾਦ ਵਿੱਚ ਕੈਂਪ ਲੱਗਣ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਕਥਿਤ ਤੌਰ ’ਤੇ ਡੋਨੀ ਬਲ ਨੇ ਆਪਣੇ ਗੁਰਗਿਆਂ ਨੂੰ ਫਾਇਰਿੰਗ ਲਈ ਤਿਆਰ ਕੀਤਾ।

ਦੋਵੇਂ ਸ਼ੂਟਰ ਬਾਈਕ ’ਤੇ ਲੁਧਿਆਣਾ ਪਹੁੰਚੇ ਸਨ ਅਤੇ ਦੁਗਰੀ ਰੋਡ ਸਥਿਤ ਇੱਕ ਰਿਜ਼ੌਰਟ ਵਿੱਚ ਚੱਲ ਰਹੇ ਬਲੱਡ ਡੋਨੇਸ਼ਨ ਕੈਂਪ ਵੱਲ ਜਾ ਰਹੇ ਸਨ। ਆਤਮਨਗਰ ਪੁਲਿਸ ਚੌਕੀ ਨੇੜੇ AGTF ਅਤੇ ਲੁਧਿਆਣਾ ਪੁਲਿਸ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ ’ਤੇ ਉਨ੍ਹਾਂ ਨੇ ਪੁਲਿਸ ਦੀ ਗੱਡੀ ’ਤੇ ਫਾਇਰਿੰਗ ਕਰ ਦਿੱਤੀ।

ਮੁੱਠਭੇੜ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਕਰਨਜੋਤ ਸਿੰਘ ਉਰਫ਼ ਨੋਨਾ ਅਤੇ ਸੰਦੀਪ ਸਿੰਘ ਮਾਰੇ ਗਏ। ਇੱਕ ਹੋਰ ਸ਼ੂਟਰ ਦੇ ਫਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਦੀ ਗੱਡੀ ’ਤੇ ਲੱਗੀਆਂ 2 ਗੋਲੀਆਂ

ਡੀਸੀਪੀ ਹਰਪਾਲ ਸਿੰਘ ਮੁਤਾਬਕ AGTF ਨੂੰ ਦੋਵੇਂ ਸ਼ੱਕੀਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਸ਼ਹਿਰ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ।

ਪੁਲਿਸ ਅਨੁਸਾਰ ਜਦੋਂ ਆਤਮਾ ਪਾਰਕ ਨੇੜੇ ਬਾਈਕ ਸਵਾਰ ਦੋਵਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੋਲੀਬਾਰੀ ਕੀਤੀ। ਪੁਲਿਸ ਦੀ ਗੱਡੀ ’ਤੇ ਦੋ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।

ਪੁਲਿਸ ਮੁਤਾਬਕ ਮੁੱਠਭੇੜ ਦੌਰਾਨ 25 ਤੋਂ ਵੱਧ ਰਾਊਂਡ ਫਾਇਰ ਹੋਏ ਅਤੇ ਦੋਵੇਂ ਸ਼ੱਕੀਆਂ ਦੀ ਮੌਕੇ ’ਤੇ ਮੌਤ ਹੋ ਗਈ।

3 ਆਟੋਮੈਟਿਕ ਪਿਸਤੌਲ ਤੇ 50 ਕਾਰਤੂਸ ਬਰਾਮਦ

ਪੁਲਿਸ ਨੇ ਦੋਵਾਂ ਦੇ ਕਬਜ਼ੇ ਵਿੱਚੋਂ ਤਿੰਨ 9mm ਆਟੋਮੈਟਿਕ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਇੱਕ ਜਿਗਾਨਾ ਪਿਸਤੌਲ ਅਤੇ ਪਾਕਿਸਤਾਨ ਵਿੱਚ ਬਣੀ ਗਲੌਕ ਪਿਸਤੌਲ ਵੀ ਸ਼ਾਮਲ ਦੱਸੀ ਗਈ ਹੈ। ਪੁਲਿਸ ਮੁਤਾਬਕ ਮੌਕੇ ਤੋਂ 50 ਕਾਰਤੂਸ ਵੀ ਮਿਲੇ ਹਨ।

ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਲੱਡ ਡੋਨੇਸ਼ਨ ਕੈਂਪ ਵਿੱਚ ਦੋਵਾਂ ਨੂੰ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ ਜਾਂ ਫਿਰ ਉੱਥੇ ਅੰਨ੍ਹੇਵਾਹ ਫਾਇਰਿੰਗ ਕਰਨੀ ਸੀ।

ਹੋਟਲਾਂ ਦੇ ਰਿਕਾਰਡ ਵੀ ਖੰਗਾਲ ਰਹੀ ਪੁਲਿਸ

ਪੁਲਿਸ ਹੁਣ ਲੁਧਿਆਣਾ ਦੇ ਕਈ ਹੋਟਲਾਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ। ਸ਼ੱਕ ਹੈ ਕਿ ਵਾਰਦਾਤ ਤੋਂ ਪਹਿਲਾਂ ਗੈਂਗਸਟਰ ਇਨ੍ਹਾਂ ਥਾਵਾਂ ’ਤੇ ਠਹਿਰੇ ਹੋ ਸਕਦੇ ਹਨ। ਪੁਲਿਸ ਵੱਲੋਂ ਸ਼ੂਟਰਾਂ ਦਾ ਰੂਟ ਮੈਪ ਵੀ ਖੰਗਾਲਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਮਾਰੇ ਗਏ ਸ਼ੂਟਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਲੱਭਣ ਲਈ ਸਾਈਬਰ ਟੀਮਾਂ ਕੰਮ ਕਰ ਰਹੀਆਂ ਹਨ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦਾ ਡੋਨੀ ਬਲ ਅਤੇ ਸ਼ਗੁਨਪ੍ਰੀਤ ਸਿੰਘ ਨਾਲ ਕਿਸ ਤਰ੍ਹਾਂ ਸੰਪਰਕ ਸੀ।

ਡੋਨੀ ਬਲ ਤੇ ਸ਼ਗੁਨਪ੍ਰੀਤ ਦੀ ਭੂਮਿਕਾ ਦੀ ਜਾਂਚ

ਪੁਲਿਸ ਨੂੰ ਸ਼ੱਕ ਹੈ ਕਿ ਵਾਂਟੇਡ ਗੈਂਗਸਟਰ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਕਥਿਤ ਆਪਰੇਟਿਵ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਅਤੇ ਉਸ ਦੇ ਸਾਥੀ ਸ਼ਗੁਨਪ੍ਰੀਤ ਸਿੰਘ ਦੀ ਇਸ ਸਾਜ਼ਿਸ਼ ਵਿੱਚ ਭੂਮਿਕਾ ਹੋ ਸਕਦੀ ਹੈ।

ਪੁਲਿਸ ਮੁਤਾਬਕ ਦੋਵੇਂ ਸ਼ੂਟਰਾਂ ਦੇ ਨਾਲ ਹੋਰ ਲੋਕ ਵੀ ਵੱਖ-ਵੱਖ ਵਾਹਨਾਂ ਵਿੱਚ ਆਏ ਸਨ, ਜੋ ਮੁੱਠਭੇੜ ਦੌਰਾਨ ਫਰਾਰ ਹੋ ਗਏ। ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਦਵਿੰਦਰ ਬੰਬੀਹਾ ਦੀ ਸਤੰਬਰ 2016 ਵਿੱਚ ਹੋਈ ਮੌਤ ਦੀ ਬਰਸੀ ਦੇ ਆਸ-ਪਾਸ ਤਾਂ ਪਲਾਨ ਨਹੀਂ ਕੀਤਾ ਗਿਆ ਸੀ।

Share This Article
Leave a Comment