ਲੁਧਿਆਣਾ ’ਚ AGTF ਦਾ ਵੱਡਾ ਐਕਸ਼ਨ, ਐਨਕਾਊਂਟਰ ’ਚ 2 ਗੈਂਗਸਟਰ ਢੇਰ

Global Team
2 Min Read

ਲੁਧਿਆਣਾ: ਲੁਧਿਆਣਾ ਵਿੱਚ ਐਤਵਾਰ ਦੁਪਹਿਰ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਦੋ ਗੈਂਗਸਟਰ ਮਾਰੇ ਗਏ। ਇਹ ਮੁੱਠਭੇੜ ਦੁਪਹਿਰ ਕਰੀਬ 3 ਵਜੇ ਆਤਮਾ ਪਾਰਕ ਦੇ ਬਾਹਰ ਹੋਈ। ਦੱਸਿਆ ਜਾ ਰਿਹਾ ਹੈ ਕਿ AGTF ਦੀ ਟੀਮ ਨੂੰ ਦੇਖਦੇ ਹੀ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।

ਦੋਵਾਂ ਪਾਸਿਆਂ ਤੋਂ ਚੱਲੀਆਂ ਕਰੀਬ 25 ਗੋਲੀਆਂ

ਪੁਲਿਸ ਮੁਤਾਬਕ ਮੁੱਠਭੇੜ ਦੌਰਾਨ ਦੋਵਾਂ ਪਾਸਿਆਂ ਤੋਂ ਕਰੀਬ 25 ਗੋਲੀਆਂ ਚੱਲੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਮੌਕੇ ’ਤੇ ਪਹੁੰਚੇ। ਫੋਰੈਂਸਿਕ ਟੀਮ ਵੱਲੋਂ ਵੀ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

CP ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਇਸ ਕਾਰਵਾਈ ਸਬੰਧੀ ਪਹਿਲਾਂ ਹੀ ਜਾਣਕਾਰੀ ਮਿਲੀ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਸਾਂਝਾ ਆਪਰੇਸ਼ਨ ਸੀ। AGTF ਕੋਲ ਮੌਜੂਦ ਜਾਣਕਾਰੀ ਨੂੰ ਲੁਧਿਆਣਾ ਪੁਲਿਸ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਦੋਵਾਂ ਟੀਮਾਂ ਨੇ ਮਿਲ ਕੇ ਕਾਰਵਾਈ ਕੀਤੀ।

ਤਿੰਨ 9mm ਆਟੋਮੈਟਿਕ ਹਥਿਆਰ ਬਰਾਮਦ

ਪੁਲਿਸ ਕਮਿਸ਼ਨਰ ਮੁਤਾਬਕ ਇਸ ਆਪਰੇਸ਼ਨ ਵਿੱਚ ਦੋ ਵਿਅਕਤੀ ਮਾਰੇ ਗਏ ਹਨ। ਮੌਕੇ ਤੋਂ ਤਿੰਨ 9mm ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

CP ਨੇ ਦੱਸਿਆ ਕਿ ਇਸ ਥਾਂ ’ਤੇ ਸਾਲ 2016 ਵਿੱਚ ਰਵੀ ਖਵਾਜਕੇ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ। ਐਤਵਾਰ ਨੂੰ ਇੱਥੇ ਰਵੀ ਖਵਾਜਕੇ ਦੀ ਯਾਦ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ।

ਪੁਲਿਸ ਮੁਤਾਬਕ ਦੋਵੇਂ ਗੈਂਗਸਟਰ ਇਸੇ ਕੈਂਪ ਵਿੱਚ ਪਹੁੰਚ ਕੇ ਕੁਝ ਲੋਕਾਂ ਨੂੰ ਗੋਲੀ ਮਾਰਨ ਦੀ ਯੋਜਨਾ ਨਾਲ ਆਏ ਸਨ। ਹਾਲਾਂਕਿ, ਇਸ ਤੋਂ ਪਹਿਲਾਂ ਹੀ AGTF ਦੀ ਟੀਮ ਨਾਲ ਉਨ੍ਹਾਂ ਦੀ ਮੁੱਠਭੇੜ ਹੋ ਗਈ।

ਵਿਦੇਸ਼ ਬੈਠੇ ਗੈਂਗਸਟਰ ਡੋਨੀ ਬਲ ਨਾਲ ਸੰਪਰਕ ਦਾ ਦਾਅਵਾ

ਪੁਲਿਸ ਮੁਤਾਬਕ ਦੋਵੇਂ ਮ੍ਰਿਤਕ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬਲ ਦੇ ਸੰਪਰਕ ਵਿੱਚ ਸਨ। CP ਸਵਪਨ ਸ਼ਰਮਾ ਨੇ ਦੱਸਿਆ ਕਿ ਡੋਨੀ ਬਲ ਕਥਿਤ ਤੌਰ ’ਤੇ ਉਨ੍ਹਾਂ ਨੂੰ ਗਾਈਡ ਕਰ ਰਿਹਾ ਸੀ। ਪੁਲਿਸ ਦੇ ਅਨੁਸਾਰ ਟਾਰਗੇਟ ਵੀ ਉਸੇ ਵੱਲੋਂ ਦਿੱਤਾ ਗਿਆ ਸੀ ਅਤੇ ਹਥਿਆਰ ਵੀ ਉਸੇ ਨੇ ਮੁਹੱਈਆ ਕਰਵਾਏ ਸਨ।

ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਠਭੇੜ ਨਾਲ ਜੁੜੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ।

Share This Article
Leave a Comment