ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ 38 ਸਾਲਾ ਔਰਤ ਸ਼ਾਲਿਨੀ ਠਾਕੁਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਸੈਕਰਾਮੈਂਟੋ ਦੀ ਹੈ, ਜਿੱਥੇ ਮੰਗਲਵਾਰ ਨੂੰ ਸ਼ਾਲਿਨੀ ਦਾ ਕਥਿਤ ਤੌਰ ’ਤੇ ਪਿੱਛਾ ਕਰਨ ਵਾਲੇ ਇੱਕ ਨੌਜਵਾਨ ਨੇ ਰੈਸਟੋਰੈਂਟ ਦੇ ਬਾਹਰ ਉਸ ’ਤੇ ਕਈ ਗੋਲੀਆਂ ਚਲਾਈਆਂ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਸ਼ੱਕੀ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਲਈ।
ਰੈਸਟੋਰੈਂਟ ਦੇ ਬਾਹਰ ਮਿਲੀ ਸ਼ਾਲਿਨੀ
ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਮੁਤਾਬਕ ਸ਼ਾਲਿਨੀ ਆਰਡਨ-ਆਰਕੇਡ ਇਲਾਕੇ ਦੇ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਕੰਮ ਕਰਦੀ ਸੀ। ਜਦੋਂ ਉਹ ਕੰਮ ’ਤੇ ਜਾ ਰਹੀ ਸੀ ਤਾਂ ਰੋਹਿਤ ਨਾਮਕ 22 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਉਸ ਦਾ ਪਿੱਛਾ ਕੀਤਾ।
ਅਧਿਕਾਰੀਆਂ ਮੁਤਾਬਕ ਸ਼ਾਲਿਨੀ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸ਼ੱਕੀ ਨੇ ਉਸ ਦਾ ਪਿੱਛਾ ਕੀਤਾ ਅਤੇ ਕਈ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੂੰ ਸ਼ਾਲਿਨੀ ‘ਹੋਵ ਐਵੇਨਿਊ’ ਦੇ 800 ਬਲਾਕ ਵਿੱਚ ਸਥਿਤ ‘ਪਨੇਰਾ ਬ੍ਰੈੱਡ’ ਰੈਸਟੋਰੈਂਟ ਦੇ ਬਾਹਰ ਬੇਹੋਸ਼ ਹਾਲਤ ਵਿੱਚ ਮਿਲੀ। ਮੈਡੀਕਲ ਟੀਮ ਨੇ ਮੌਕੇ ’ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਘੇਰਿਆ ਤਾਂ ਸ਼ੱਕੀ ਨੇ ਕੀਤੀ ਖੁਦਕੁਸ਼ੀ
ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਰੋਹਿਤ ਵਜੋਂ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਜਦੋਂ ਪੁਲਿਸ ਦੀ ਟੀਮ ਨੇ ਉਸ ਨੂੰ ਘੇਰ ਲਿਆ ਤਾਂ ਉਸ ਨੇ ਖੁਦਕੁਸ਼ੀ ਕਰ ਲਈ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਰੋਹਿਤ ਬਿਨਾਂ ਦਸਤਾਵੇਜ਼ਾਂ ਵਾਲਾ ਪ੍ਰਵਾਸੀ ਸੀ ਅਤੇ ਉਸ ਨੂੰ ਇਸ ਤੋਂ ਪਹਿਲਾਂ ਐਰੀਜ਼ੋਨਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਮਾਂ ਨੇ ਲਗਾਇਆ ਇੱਕ ਸਾਲ ਤੋਂ ਪਿੱਛਾ ਕਰਨ ਦਾ ਦੋਸ਼
ਸ਼ਾਲਿਨੀ ਦੀ ਮਾਂ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਰੋਹਿਤ ਕਥਿਤ ਤੌਰ ’ਤੇ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੀ ਧੀ ਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਦਾ ਸੀ।
ਉਨ੍ਹਾਂ ਮੁਤਾਬਕ ਰੋਹਿਤ ਸ਼ਾਲਿਨੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਮਰ ਦੇ ਫ਼ਰਕ ਕਾਰਨ ਸ਼ਾਲਿਨੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਮਾਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ।
ਸਤੰਬਰ 2025 ਤੋਂ ਸ਼ੁਰੂ ਹੋਇਆ ਸੀ ਪਿੱਛਾ
ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ ਸ਼ਾਲਿਨੀ ਦਾ ਪਿੱਛਾ ਕਰਨ ਦਾ ਸਿਲਸਿਲਾ ਸਤੰਬਰ 2025 ਦੇ ਆਸ-ਪਾਸ ਸ਼ੁਰੂ ਹੋਇਆ ਸੀ। ਸਮੇਂ ਦੇ ਨਾਲ ਮਾਮਲਾ ਕਥਿਤ ਤੌਰ ’ਤੇ ਹੋਰ ਗੰਭੀਰ ਹੁੰਦਾ ਗਿਆ।
ਦੋਸ਼ ਹੈ ਕਿ ਰੋਹਿਤ ਨੇ ਸ਼ਾਲਿਨੀ ’ਤੇ ਆਪਣੇ ਨਾਲ ਵਿਆਹ ਕਰਨ ਲਈ ਦਬਾਅ ਪਾਇਆ ਅਤੇ ਉਸ ਦੇ ਮੇਲ-ਜੋਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਦੋਵਾਂ ਵਿਚਾਲੇ ਤਣਾਅ ਲਗਾਤਾਰ ਵਧਦਾ ਗਿਆ।
ਪੁਲਿਸ ਵੱਲੋਂ ਘਟਨਾ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਲਿਨੀ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਦਰਜ ਜਾਣਕਾਰੀ ਦੇ ਆਧਾਰ ’ਤੇ ਮਾਮਲੇ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ।

