ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਤੋਂ ਬਾਹਰ ਬਣਨਗੇ ਰਿੰਗ ਰੋਡ, ਮੁੱਖ ਮੰਤਰੀ ਨੇ ਦਿੱਤੀ ਮਨਜ਼ੂਰੀ

Global Team
4 Min Read

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸੂਬੇ ਦੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਟ੍ਰੈਫਿਕ ਦੀ ਸਮੱਸਿਆ ਘਟਾਉਣ ਲਈ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੇ ਬਾਹਰ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।

ਮੁੱਖ ਮੰਤਰੀ ਨੇ ਇਹ ਫ਼ੈਸਲਾ ਸਕੱਤਰੇਤ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਲਿਆ। ਮੀਟਿੰਗ ਵਿੱਚ ਰਾਸ਼ਟਰੀ ਰਾਜਮਾਰਗਾਂ ਤੋਂ ਸ਼ਹਿਰੀ ਖੇਤਰਾਂ ਵਿੱਚ ਆਵਾਜਾਈ ਦਾ ਦਬਾਅ ਘਟਾਉਣ ਲਈ ਮਾਸਟਰ ਪਲਾਨ ਤਹਿਤ ‘ਐਡੌਪਸ਼ਨ ਆਫ ਫਾਈਨੈਂਸ਼ੀਅਲ ਮਾਡਲ ਫਾਰ ਸਟੇਟ ਕੰਟ੍ਰੀਬਿਊਸ਼ਨ’ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਣਬੀਰ ਗੰਗਵਾ, ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਬਾਹਰੀ ਰਿੰਗ ਰੋਡ ਲਈ ਬਣੇਗੀ ਨੀਤੀ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਬਾਹਰੀ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਲਈ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਦਾ ਮਕਸਦ ਸ਼ਹਿਰਾਂ ਅਤੇ ਕਸਬਿਆਂ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਪ੍ਰਸਤਾਵਿਤ ਸੜਕੀ ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣਾ ਹੈ।

ਕੇਂਦਰ ਸਰਕਾਰ ਵੱਲੋਂ ਲਾਗਤ ਵਿੱਚ ਦਿੱਤੇ ਜਾਣ ਵਾਲੇ ਹਿੱਸੇ ਨਾਲ ਸਬੰਧਤ ਮਾਮਲਿਆਂ ਲਈ ਵਿੱਤ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।

ਪੰਜ ਵੱਡੇ ਬਾਈਪਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ

ਮੀਟਿੰਗ ਦੌਰਾਨ ਹਿਸਾਰ ਬਾਈਪਾਸ, ਕੁਰੂਕਸ਼ੇਤਰ ਬਾਈਪਾਸ, ਨਾਰਨੌਲ ਸਿਟੀ ਬਾਈਪਾਸ, ਜੀਂਦ ਬਾਈਪਾਸ ਅਤੇ ਸੋਹਨਾ-ਪਲਵਲ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ।

ਹਿਸਾਰ ਬਾਈਪਾਸ ਹਿਸਾਰ-ਰਾਜਗੜ੍ਹ ਰੋਡ ’ਤੇ ਸਥਿਤ ਐਨ.ਐਚ.-52 ਤੋਂ ਹਿਸਾਰ-ਦਿੱਲੀ ਰੋਡ ਅਤੇ ਹਿਸਾਰ-ਕੈਥਲ ਰੋਡ ਨੂੰ ਜੋੜੇਗਾ। ਇਸੇ ਤਰ੍ਹਾਂ ਕੁਰੂਕਸ਼ੇਤਰ-ਲਾਡਵਾ ਬਾਈਪਾਸ ਦੀ ਡੀ.ਪੀ.ਆਰ. ਤਿਆਰ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ।

ਨਾਰਨੌਲ ਸਿਟੀ ਬਾਈਪਾਸ ਦੀ ਲੰਬਾਈ ਲਗਭਗ 11 ਕਿਲੋਮੀਟਰ ਹੋਵੇਗੀ ਅਤੇ ਇਸ ਨੂੰ ਸਟੇਟ ਹਾਈਵੇਅ ਐਨ.ਐਚ.-148ਬੀ ਨਾਲ ਜੋੜਿਆ ਜਾਵੇਗਾ। ਜੀਂਦ ਵਿੱਚ ਵੀ ਸ਼ਹਿਰ ਦੇ ਦੂਜੇ ਪਾਸੇ ਬਾਹਰੀ ਰਿੰਗ ਰੋਡ ਅਤੇ ਬਾਈਪਾਸ ਬਣਾਇਆ ਜਾਵੇਗਾ। ਇੱਥੇ ਐਨ.ਐਚ.-352 ਨੂੰ ਚਾਰ ਮਾਰਗੀ ਸੜਕ ਵਜੋਂ ਵਿਕਸਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਐਨ.ਐਚ.-919 ਤੋਂ ਪਲਵਲ-ਸੋਹਨਾ ਬਾਈਪਾਸ ਦਾ ਮੁੜ ਨਿਰਮਾਣ ਅਤੇ ਰੀ-ਡਿਜ਼ਾਈਨ ਕੀਤਾ ਜਾਵੇਗਾ। ਇਹ ਚਾਰ ਮਾਰਗੀ ਸੜਕ ਲਗਭਗ 24 ਕਿਲੋਮੀਟਰ ਲੰਬੀ ਹੋਵੇਗੀ। ਇਨ੍ਹਾਂ ਸਾਰੇ ਪ੍ਰੋਜੈਕਟਾਂ ’ਤੇ ਲਗਭਗ 9700 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।

ਜੇਵਰ ਏਅਰਪੋਰਟ ਨਾਲ ਵੀ ਜੁੜੇਗੀ ਕਨੈਕਟੀਵਿਟੀ

ਮੁੱਖ ਮੰਤਰੀ ਨੇ ਦੱਸਿਆ ਕਿ ਡੀ.ਐਨ.ਡੀ.-ਫਰੀਦਾਬਾਦ-ਬੱਲਭਗੜ੍ਹ ਬਾਈਪਾਸ ਨੂੰ ਕੇ.ਐਮ.ਪੀ. ਲਿੰਕ ਤੋਂ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਰਾਹੀਂ ਜੇਵਰ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜਨ ਲਈ ਵੀ ਤਿਆਰ ਕੀਤਾ ਜਾਵੇਗਾ।

ਕਰਨਾਲ ਰਿੰਗ ਰੋਡ ਲਈ ਜ਼ਮੀਨ ਦਾ ਹਿੱਸਾ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੰਬਾਲਾ ਸ਼ਹਿਰ ਅਤੇ ਅੰਬਾਲਾ ਕੈਂਟ ਨੂੰ ਜੋੜਨ ਵਾਲੇ ਰਿੰਗ ਰੋਡ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਹੈ, ਜਿਸ ਨੂੰ ਜਲਦ ਪੂਰਾ ਕਰਨ ਦੀ ਗੱਲ ਕਹੀ ਗਈ ਹੈ।

ਹੋਰ ਸੜਕੀ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ

ਮੀਟਿੰਗ ਵਿੱਚ ਰੇਵਾੜੀ-ਭਟਿੰਡਾ ਰੇਲਵੇ ਲਾਈਨ ’ਤੇ ਸਿਰਸਾ ਦੇ ਸਿਵਲ ਸਟੇਸ਼ਨ ਰੋਡ ’ਤੇ ਰੇਲਵੇ ਅੰਡਰ ਬ੍ਰਿਜ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ।

ਇਸ ਤੋਂ ਇਲਾਵਾ ਕਨੀਨਾ-ਮਹਿੰਦਰਗੜ੍ਹ ਰੋਡ ਤੋਂ ਅਨਾਵਾਸ, ਢਾਣੀ ਰਾਜਾਵਾਸ ਸਕੂਲ ਤੋਂ ਬਲਾਣਾ, ਖਾਤੋਦ ਤੋਂ ਬੁਡੀਨ, ਨਿੰਭੇੜਾ ਅਤੇ ਬਲੈਚਾ ਲਈ ਲਿੰਕ ਰੋਡ, ਮਹਿੰਦਰਗੜ੍ਹ-ਬੁਚੌਲੀ ਰੋਡ ਅਤੇ ਨਾਂਗਵਾਸ ਤੋਂ ਅਟੇਲੀ ਸੜਕ ਦੇ ਵਾਧੂ ਕੰਮ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

Share This Article
Leave a Comment