ਬ੍ਰਿਟੇਨ ’ਚ ਸਿੱਖ ਕੁੜੀਆਂ ਨੂੰ ਫਸਾ ਰਿਹਾ ਪਾਕਿਸਤਾਨੀ ਗਰੂਮਿੰਗ ਗੈਂਗ, ਪਹਿਲਾਂ ਭਰੋਸਾ ਜਿੱਤਦੇ ਫਿਰ ਕਰਵਾਉਂਦੇ ਧਰਮ ਪਰਿਵਰਤਨ

Global Team
3 Min Read

ਨਿਊਜ਼ ਡੈਸਕ: ਬ੍ਰਿਟੇਨ ਵਿੱਚ ਸਿੱਖ ਕੁੜੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ, ਉਨ੍ਹਾਂ ਨਾਲ ਨੇੜਤਾ ਵਧਾ ਕੇ ਬ੍ਰੇਨਵਾਸ਼ ਕਰਨ ਅਤੇ ਬਾਅਦ ਵਿੱਚ ਧਰਮ ਪਰਿਵਰਤਨ ਕਰਵਾਉਣ ਦੇ ਦਾਅਵੇ ਨੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਯੂਕੇ ਦੇ ਇੱਕ ਚੈਨਲ ਦੇ ਪੌਡਕਾਸਟ ਵਿੱਚ ਇੱਕ ਸਿੱਖ ਨੌਜਵਾਨ ਨੇ ਪਾਕਿਸਤਾਨੀ ਮੂਲ ਦੇ ਕਥਿਤ ਗਰੂਮਿੰਗ ਗੈਂਗ ’ਤੇ ਗੈਰ-ਮੁਸਲਿਮ, ਖਾਸ ਕਰਕੇ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

ਪਹਿਲਾਂ ਸਿੱਖ ਨੌਜਵਾਨਾਂ ਨੂੰ ਅਪਮਾਨਿਤ ਕਰਨ ਦਾ ਦਾਅਵਾ

ਨੌਜਵਾਨ ਮੁਤਾਬਕ ਕਥਿਤ ਤੌਰ ’ਤੇ ਇਸ ਪ੍ਰਕਿਰਿਆ ਦੀ ਸ਼ੁਰੂਆਤ ਸਿੱਖ ਨੌਜਵਾਨਾਂ ਨੂੰ ਕੁੜੀਆਂ ਸਾਹਮਣੇ ਨੀਵਾਂ ਦਿਖਾਉਣ ਤੋਂ ਹੁੰਦੀ ਹੈ। ਉਸ ਨੇ ਦਾਅਵਾ ਕੀਤਾ ਕਿ ਸਕੂਲ, ਕਾਲਜ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਮਜ਼ਾਕ, ਤਾਅਨੇ, ਨਸਲੀ ਜਾਂ ਜਾਤੀ ਟਿੱਪਣੀਆਂ ਅਤੇ ਕਥਿਤ ਸਰੀਰਕ ਬਦਸਲੂਕੀ ਰਾਹੀਂ ਸਿੱਖ ਨੌਜਵਾਨਾਂ ਦੀ ਸਮਾਜਿਕ ਸਥਿਤੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਦੇ ਅਨੁਸਾਰ ਇਸ ਦਾ ਮਕਸਦ ਮੁਸਲਿਮ ਨੌਜਵਾਨਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਦਿਖਾਉਣਾ ਹੁੰਦਾ ਹੈ।

ਦੋਸਤੀ ਰਾਹੀਂ ਭਰੋਸਾ ਬਣਾਉਣ ਦਾ ਦਾਅਵਾ

ਨੌਜਵਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਸਿੱਖ ਕੁੜੀਆਂ ਨਾਲ ਦੋਸਤੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਮੁਤਾਬਕ ਕੁਝ ਮੁਸਲਿਮ ਸਹੇਲੀਆਂ ਵੀ ਇਸ ਵਿੱਚ ਭੂਮਿਕਾ ਨਿਭਾਉਂਦੀਆਂ ਹਨ ਅਤੇ ਕੁੜੀ ਦੇ ਮਨ ਵਿੱਚ ਉਸ ਨੌਜਵਾਨ ਪ੍ਰਤੀ ਭਰੋਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਹਿੰਗੇ ਤੋਹਫ਼ੇ, ਨਕਦ ਰਕਮ, ਰੈਸਟੋਰੈਂਟ, ਕਲੱਬ ਅਤੇ ਬਾਰ ਵਿੱਚ ਲਿਜਾਣ ਰਾਹੀਂ ਭਾਵਨਾਤਮਕ ਨੇੜਤਾ ਵਧਾਉਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਅਗਲੇ ਪੜਾਅ ਵਿੱਚ ਕੁੜੀ ਦੇ ਸਿੱਖ ਧਰਮ ਬਾਰੇ ਸਵਾਲ ਅਤੇ ਸ਼ੰਕੇ ਪੈਦਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਦਾਅਵਾ ਹੈ। ਨਾਲ ਹੀ ਇਸਲਾਮ ਨੂੰ ਬਿਹਤਰ ਜਾਂ ਮਹਾਨ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੌਜਵਾਨ ਮੁਤਾਬਕ ਇਸ ਤੋਂ ਬਾਅਦ ਕੁੜੀ ਨੂੰ ਪਰਿਵਾਰ ਅਤੇ ਪੁਰਾਣੇ ਦੋਸਤਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਪਰਿਵਾਰ ਨਾਲ ਗੱਲਬਾਤ ਘਟਾਉਣ, ਦੋਸਤਾਂ ਨਾਲ ਸੰਪਰਕ ਤੋੜਨ ਅਤੇ ਮਾਨਸਿਕ ਤੌਰ ’ਤੇ ਇਕੱਲਾ ਕਰਨ ਵਰਗੀਆਂ ਸਥਿਤੀਆਂ ਪੈਦਾ ਕਰਨ ਦਾ ਦਾਅਵਾ ਕੀਤਾ ਗਿਆ ਹੈ।

6 ਮਹੀਨੇ ਪਹਿਲਾਂ ਵੀ ਸਾਹਮਣੇ ਆਇਆ ਸੀ ਅਜਿਹਾ ਦਾਅਵਾ

ਕਰੀਬ ਛੇ ਮਹੀਨੇ ਪਹਿਲਾਂ ਵੀ ਬ੍ਰਿਟੇਨ ਵਿੱਚ ਰਹਿੰਦੀ ਇੱਕ ਕੁੜੀ ਨੇ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ। ਇੰਗਲੈਂਡ ਵਿੱਚ ਰਹਿਣ ਵਾਲੇ ਪੰਜਾਬੀ ਨਵਦੀਪ ਸਿੰਘ ਵੱਲੋਂ ਪੋਸਟ ਕੀਤੀ ਵੀਡੀਓ ਵਿੱਚ ਕੁੜੀ ਨੇ ਦਾਅਵਾ ਕੀਤਾ ਸੀ ਕਿ ਯੂਕੇ ਵਿੱਚ ‘ਕੌਰ-ਟੂ-ਖਾਨ’ ਮੂਵਮੈਂਟ ਚੱਲ ਰਹੀ ਹੈ, ਜਿਸ ਤਹਿਤ ਸਿੱਖ ਕੁੜੀਆਂ ਨੂੰ ਕਥਿਤ ਤੌਰ ’ਤੇ ਫਸਾ ਕੇ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ।

ਕੁੜੀ ਨੇ ਦਾਅਵਾ ਕੀਤਾ ਸੀ ਕਿ ਸਿੱਖ ਕੁੜੀ ਨੂੰ ‘ਕੌਰ’ ਤੋਂ ‘ਖਾਨ’ ਬਣਾਉਣ ਲਈ 10 ਹਜ਼ਾਰ ਪੌਂਡ ਦਿੱਤੇ ਜਾਂਦੇ ਹਨ। ਉਸ ਮੁਤਾਬਕ ਹਿੰਦੂ ਜਾਂ ਈਸਾਈ ਕੁੜੀ ਦੇ ਧਰਮ ਪਰਿਵਰਤਨ ਲਈ 5 ਹਜ਼ਾਰ ਪੌਂਡ ਦੀ ਰਕਮ ਦੱਸੀ ਜਾਂਦੀ ਹੈ। ਸਿੱਖ ਕੁੜੀ ਲਈ ਦੱਸੀ 10 ਹਜ਼ਾਰ ਪੌਂਡ ਦੀ ਰਕਮ ਕਰੀਬ 11 ਲੱਖ ਰੁਪਏ ਅਤੇ 5 ਹਜ਼ਾਰ ਪੌਂਡ ਕਰੀਬ ਸਾਢੇ 5 ਲੱਖ ਰੁਪਏ ਬਣਦੀ ਹੈ। ਇਨ੍ਹਾਂ ਦਾਅਵਿਆਂ ਦੀ ਵੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।

Share This Article
Leave a Comment