ਨਿਊਜ਼ ਡੈਸਕ: ਆਸਟਰੇਲੀਆ ਵਿੱਚ ਆਵਾਸ ’ਤੇ ਪਾਬੰਦੀਆਂ ਦੀ ਚਰਚਾ ਦੇ ਬਾਵਜੂਦ ਹੁਨਰਮੰਦ ਕਾਮਿਆਂ ਦੀ ਕਮੀ ਦੇਸ਼ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ 2025 ਦੌਰਾਨ ਜਾਂਚੇ ਗਏ 1,022 ਕਿੱਤਿਆਂ ਵਿੱਚੋਂ 293 ਕਿੱਤੇ ਅਜਿਹੇ ਸਾਹਮਣੇ ਆਏ, ਜਿੱਥੇ ਕਾਮਿਆਂ ਦੀ ਗੰਭੀਰ ਘਾਟ ਦਰਜ ਕੀਤੀ ਗਈ। ਇਹ ਕੁੱਲ ਕਿੱਤਿਆਂ ਦਾ ਕਰੀਬ 29 ਫ਼ੀਸਦੀ ਹਿੱਸਾ ਹੈ।
ਹਾਲਾਂਕਿ ਇਹ ਅੰਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਘਟਿਆ ਹੈ, ਪਰ ਦੇਸ਼ ਦੇ ਕਈ ਅਹਿਮ ਖੇਤਰ ਅਜੇ ਵੀ ਮਾਹਿਰ ਅਤੇ ਤਜਰਬੇਕਾਰ ਕਾਮਿਆਂ ਦੀ ਕਮੀ ਨਾਲ ਜੂਝ ਰਹੇ ਹਨ।
ਸਿਹਤ ਖੇਤਰ ਵਿੱਚ ਵੱਡੀ ਲੋੜ
ਸਿਹਤ ਸੇਵਾਵਾਂ ਉਨ੍ਹਾਂ ਖੇਤਰਾਂ ਵਿੱਚ ਸ਼ਾਮਲ ਹਨ, ਜਿੱਥੇ ਆਸਟਰੇਲੀਆ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਹੁਨਰਮੰਦ ਲੋਕਾਂ ਦੀ ਲੋੜ ਪੈ ਸਕਦੀ ਹੈ। ਡਾਕਟਰਾਂ ਤੋਂ ਇਲਾਵਾ ਨਰਸਾਂ, ਮਾਨਸਿਕ ਸਿਹਤ ਮਾਹਿਰਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ, ਕਿੱਤਾਮੁਖੀ ਇਲਾਜ ਮਾਹਿਰਾਂ, ਪੈਰਾਂ ਦੇ ਰੋਗਾਂ ਦੇ ਮਾਹਿਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਮੰਗ ਬਣੀ ਹੋਈ ਹੈ।
ਅਨੁਮਾਨ ਮੁਤਾਬਕ ਸਾਲ 2035 ਤੱਕ ਆਸਟਰੇਲੀਆ ਵਿੱਚ 80,000 ਨਰਸਾਂ ਦੀ ਘਾਟ ਹੋ ਸਕਦੀ ਹੈ, ਜਿਸ ਕਾਰਨ ਸਿਹਤ ਖੇਤਰ ਵਿੱਚ ਹੁਨਰਮੰਦ ਕਾਮਿਆਂ ਦੀ ਲੋੜ ਹੋਰ ਵਧਣ ਦੀ ਸੰਭਾਵਨਾ ਹੈ।
ਤਕਨੀਕੀ ਤੇ ਦਸਤਕਾਰੀ ਕੰਮਾਂ ਵਿੱਚ ਵੀ ਘਾਟ
ਉਸਾਰੀ ਅਤੇ ਤਕਨੀਕੀ ਖੇਤਰ ਵੀ ਕਾਮਿਆਂ ਦੀ ਕਮੀ ਤੋਂ ਅਛੂਤੇ ਨਹੀਂ ਹਨ। ਇਨ੍ਹਾਂ ਖੇਤਰਾਂ ਵਿੱਚ ਬਿਜਲੀ ਮਿਸਤਰੀਆਂ, ਪਲੰਬਰਾਂ, ਤਰਖਾਣਾਂ, ਵੈਲਡਰਾਂ, ਮਕੈਨਿਕਾਂ ਅਤੇ ਹੋਰ ਹੁਨਰਮੰਦ ਦਸਤਕਾਰੀ ਕਾਮਿਆਂ ਦੀ ਮੰਗ ਕਾਫ਼ੀ ਜ਼ਿਆਦਾ ਹੈ।
ਅੰਕੜਿਆਂ ਮੁਤਾਬਕ ਲਗਭਗ ਅੱਧੇ ਤਕਨੀਕੀ ਅਤੇ ਦਸਤਕਾਰੀ ਕਿੱਤੇ ਇਸ ਸਮੇਂ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਘਾਟ ਵਾਲੇ 123 ਕਿੱਤਿਆਂ ਵਿੱਚੋਂ 65 ਕਿੱਤੇ ਤਕਨੀਕੀ ਅਤੇ ਦਸਤਕਾਰੀ ਖੇਤਰ ਨਾਲ ਸਬੰਧਤ ਹਨ।
ਸਕਿੱਲਡ ਕਾਮਿਆਂ ਲਈ ਹਜ਼ਾਰਾਂ ਵੀਜ਼ਿਆਂ ਦਾ ਟੀਚਾ
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਿਹਤ, ਸਿੱਖਿਆ, ਉਸਾਰੀ ਅਤੇ ਤਕਨੀਕੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਹੋਰ ਵਧ ਸਕਦੀ ਹੈ।
ਇਸੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਆਸਟਰੇਲੀਆ ਸਰਕਾਰ ਨੇ 2026-27 ਲਈ ਵੱਖ-ਵੱਖ ਖੇਤਰਾਂ ਵਿੱਚ ਸਕਿੱਲਡ ਕਾਮਿਆਂ ਵਾਸਤੇ 1,86,000 ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਆਵਾਸ ਨੀਤੀ ’ਤੇ ਚਰਚਾ ਦੇ ਨਾਲ-ਨਾਲ ਦੇਸ਼ ਲਈ ਹੁਨਰਮੰਦ ਕਾਮਿਆਂ ਦੀ ਲੋੜ ਵੀ ਅਜੇ ਮਹੱਤਵਪੂਰਨ ਬਣੀ ਹੋਈ ਹੈ।

