Nepal Floods: ਅਣਪਛਾਤੀਆਂ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਦਾ ਕੰਮ ਸ਼ੁਰੂ, ਸੈਂਕੜੇ ਕਬਰਾਂ ਤਿਆਰ; ਚੀਨ ‘ਤੇ ਉੱਠ ਰਹੇ ਵੱਡੇ ਸਵਾਲ

Global Team
3 Min Read

ਨਿਊਜ਼ ਡੈਸਕ: ਨੇਪਾਲ ਵਿੱਚ ਭਿਆਨਕ ਹੜ ਤੋਂ ਬਾਅਦ ਹੁਣ ਅਣਪਛਾਤੀਆਂ ਮ੍ਰਿਤਕ ਦੇਹਾਂ ਨੂੰ ਸਮੂਹਿਕ ਦਫ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਚਿਤਵਨ ਦੇ ਦੇਵਘਾਟ ਜੰਗਲ ਵਿੱਚ ਪ੍ਰਸ਼ਾਸਨ ਵੱਲੋਂ ਸੈਂਕੜੇ ਕਬਰਾਂ ਪੁੱਟੀਆਂ ਗਈਆਂ ਹਨ। ਇੱਥੇ ਉਨ੍ਹਾਂ ਲਾਸ਼ਾਂ ਨੂੰ ਦਫ਼ਨਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਲੰਬਾ ਸਮਾਂ ਬੀਤਣ ਕਾਰਨ ਜਿਨ੍ਹਾਂ ਦੇ ਖਰਾਬ ਹੋਣ ਦਾ ਖ਼ਤਰਾ ਵਧ ਗਿਆ ਹੈ।

ਅਧਿਕਾਰੀਆਂ ਮੁਤਾਬਕ ਪਿਛਲੇ ਦੋ ਦਿਨਾਂ ਵਿੱਚ 196 ਦੇਹਾਂ ਦਫ਼ਨਾਈਆਂ ਜਾ ਚੁੱਕੀਆਂ ਹਨ। ਕਈ ਲਾਸ਼ਾਂ ਇੰਨੀ ਖਰਾਬ ਹਾਲਤ ਵਿੱਚ ਮਿਲੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ।

DNA ਜਾਂਚ ਲਈ ਹਰ ਲਾਸ਼ ਦਾ ਰਿਕਾਰਡ

ਪ੍ਰਸ਼ਾਸਨ ਹਰ ਲਾਸ਼ ਨਾਲ ਇੱਕ ਪਛਾਣ ਨੰਬਰ ਅਤੇ ਜ਼ਰੂਰੀ ਰਿਕਾਰਡ ਸੰਭਾਲ ਰਿਹਾ ਹੈ। ਇਸ ਦਾ ਮਕਸਦ ਅੱਗੇ ਚੱਲ ਕੇ DNA ਜਾਂਚ ਰਾਹੀਂ ਇਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਲੈਣਾ ਹੈ।

ਇਸ ਦਰਮਿਆਨ 3 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੇ ਪਰਿਵਾਰ ਆਪਣੇ ਅਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ।

ਹੜ ’ਚ ਮੌਤਾਂ ਦਾ ਅੰਕੜਾ 800 ਪਾਰ, ਹਜ਼ਾਰਾਂ ਲਾਪਤਾ

26 ਅਗਸਤ ਨੂੰ ਤਿੱਬਤ ਵਿੱਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਨੇਪਾਲ ਦੀ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀ ਵਿੱਚ ਅਚਾਨਕ ਹੜ ਆ ਗਿਆ ਸੀ। ਇਸ ਆਫ਼ਤ ਵਿੱਚ ਨੇਪਾਲ ਵਿੱਚ ਹੁਣ ਤੱਕ 800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਦੱਸੀ ਗਈ ਹੈ। ਨੇਪਾਲ ਵਿੱਚ 3 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

ਚੀਨ ਵੱਲੋਂ ਜਾਣਕਾਰੀ ਸਾਂਝੀ ਕਰਨ ’ਤੇ ਸਵਾਲ

ਇਸ ਤ੍ਰਾਸਦੀ ਤੋਂ ਪਹਿਲਾਂ ਗਲੇਸ਼ੀਅਰਾਂ ਦੇ ਖ਼ਤਰੇ ਸਬੰਧੀ ਚੀਨ ਵੱਲੋਂ ਜਾਣਕਾਰੀ ਸਾਂਝੀ ਕਰਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। 27 ਮਈ ਨੂੰ ਨੇਪਾਲ ਅਤੇ ਚੀਨ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਸੀ। ਨੇਪਾਲੀ ਅਧਿਕਾਰੀਆਂ ਮੁਤਾਬਕ, ਉਨ੍ਹਾਂ ਨੇ ਗਲੇਸ਼ੀਅਰਾਂ ਵਿੱਚ ਸ਼ੁਰੂਆਤੀ ਹਲਚਲ ਅਤੇ ਪਾਣੀ ਦੇ ਪੱਧਰ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਣ ਦੀ ਮੰਗ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੇ ਮੁਤਾਬਕ ਚੀਨ ਤੋਂ ਉਨੀ ਜਾਣਕਾਰੀ ਨਹੀਂ ਮਿਲੀ, ਜਿੰਨੀ ਉਹ ਚਾਹੁੰਦੇ ਸਨ।

ਪ੍ਰਭਾਵਿਤ ਇਲਾਕਿਆਂ ’ਚ ਬਿਜਲੀ ਬਹਾਲ

ਹੜ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਬਿਜਲੀ ਬਹਾਲ ਕਰਨ ਦੇ ਨਾਲ ਵਿਕਲਪਿਕ ਊਰਜਾ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਮੰਤਰਾਲੇ ਮੁਤਾਬਕ ਨੁਵਾਕੋਟ ਦੇ ਕਰੀਬ 90 ਫੀਸਦੀ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਬਹਾਲ ਹੋ ਚੁੱਕੀ ਹੈ। ਰਸੁਵਾ ਵਿੱਚ ਵੀ ਬਿਜਲੀ ਬਹਾਲੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਬਿਜਲੀ ਅਤੇ ਰੌਸ਼ਨੀ ਦੀ ਸਮੱਸਿਆ ਨਾਲ ਨਜਿੱਠਣ ਲਈ 2 ਕਿਲੋਵਾਟ ਦੇ ਸੰਸਥਾਗਤ ਸੋਲਰ ਸਿਸਟਮ ਅਤੇ 20 ਵਾਟ ਦੇ 500 ਸੋਲਰ ਸੈੱਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਨੂੰ ਵਨ-ਡੋਰ ਸਿਸਟਮ ਰਾਹੀਂ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਗਿਆ ਹੈ।

Share This Article
Leave a Comment