ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਭਾਵੇਂ ਕਮਜ਼ੋਰ ਹੋ ਗਈ ਹੈ, ਪਰ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਦਾ ਅਸਰ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਦਿਖਾਈ ਦੇ ਰਿਹਾ ਹੈ। ਝੀਲ ਦਾ ਜਲ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸਨ ਨੇ ਹੜ ਦੀ ਸੰਭਾਵਨਾ ਨੂੰ ਰੋਕਣ ਲਈ ਕਦਮ ਚੁੱਕਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਰਾਤ 8:30 ਵਜੇ ਸੁਖਨਾ ਝੀਲ ਦਾ ਰੈਡੀਅਲ ਗੇਟ ਨੰਬਰ-1 ਤਿੰਨ ਇੰਚ ਖੋਲ੍ਹ ਦਿੱਤਾ। ਇਸ ਦਾ ਮਕਸਦ ਝੀਲ ਵਿੱਚ ਵਧ ਰਹੇ ਵਾਧੂ ਪਾਣੀ ਨੂੰ ਬਾਹਰ ਕੱਢਣਾ ਅਤੇ ਜਲ ਪੱਧਰ ਨੂੰ ਕੰਟਰੋਲ ਵਿੱਚ ਰੱਖਣਾ ਹੈ।
1162.95 ਫੁੱਟ ’ਤੇ ਪਹੁੰਚਿਆ ਜਲ ਪੱਧਰ
ਵਿਭਾਗ ਮੁਤਾਬਕ, ਸੁਖਨਾ ਝੀਲ ਦਾ ਪਾਣੀ 1162.95 ਫੁੱਟ ਤੱਕ ਪਹੁੰਚਣ ਤੋਂ ਬਾਅਦ ਗੇਟ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਪਾਣੀ ਛੱਡਣ ਦੀ ਜਾਣਕਾਰੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਦੇ ਦਿੱਤੀ ਗਈ ਹੈ।
ਤਿੰਨਾਂ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ਵਿੱਚ ਸਾਵਧਾਨ ਰਹਿਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
24 ਘੰਟੇ ਹੋ ਰਹੀ ਜਲ ਪੱਧਰ ਦੀ ਨਿਗਰਾਨੀ
ਇੰਜੀਨੀਅਰਿੰਗ ਵਿਭਾਗ ਨੇ ਸੁਖਨਾ ਝੀਲ ਦੇ ਰੈਗੂਲੇਟਰ ਐਂਡ ’ਤੇ 24 ਘੰਟੇ ਨਿਗਰਾਨੀ ਦੀ ਵਿਵਸਥਾ ਕੀਤੀ ਹੈ। ਮਾਨਸੂਨ ਦੌਰਾਨ ਝੀਲ ਦੇ ਪਾਣੀ ਦੇ ਪੱਧਰ ਨੂੰ ਲਗਾਤਾਰ ਮਾਨੀਟਰ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।
ਵਿਭਾਗ ਮੁਤਾਬਕ, ਕੈਚਮੈਂਟ ਏਰੀਏ ਤੋਂ ਝੀਲ ਵਿੱਚ ਆਉਣ ਵਾਲੇ ਵਾਧੂ ਪਾਣੀ ਨੂੰ ਕੰਟਰੋਲ ਕਰਨ ਲਈ ਇਹ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਸਰਕਾਰੀ ਜਾਇਦਾਦ ਅਤੇ ਬੁਨਿਆਦੀ ਢਾਂਚੇ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਉਣ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਦੋ ਦਿਨਾਂ ਤੋਂ ਪੰਜਾਬ ’ਚ ਘੱਟ ਮੀਂਹ
ਪਿਛਲੇ ਦੋ ਦਿਨਾਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬਾਰਿਸ਼ ਨਹੀਂ ਹੋਈ। 28 ਅਗਸਤ ਨੂੰ ਪਠਾਨਕੋਟ ਵਿੱਚ ਬਾਰਿਸ਼ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਇਹ ਰਿਕਾਰਡ ਵਿੱਚ ਦਰਜ ਨਹੀਂ ਹੋ ਸਕੀ।
ਮਾਨਸੂਨ ਟਰਫ ਇਸ ਸਮੇਂ ਅੰਮ੍ਰਿਤਸਰ ਤੋਂ ਲੰਘ ਰਹੀ ਹੈ ਅਤੇ ਉੱਤਰੀ ਹਰਿਆਣਾ ਦੇ ਉੱਪਰ ਉੱਪਰੀ ਹਵਾ ਦਾ ਸਿਸਟਮ ਵੀ ਬਣਿਆ ਹੋਇਆ ਹੈ। ਇਸ ਕਾਰਨ ਕੁਝ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ, ਪਰ ਪੂਰੇ ਪੰਜਾਬ ਵਿੱਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।

