ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ! ਗੋਲਡੀ ਬਰਾੜ ਦੀ ਆਡੀਓ ਆਈ ਸਾਹਮਣੇ, ਦੱਸਿਆ ਮਾਰਨ ਦਾ ਕਾਰਨ

Global Team
3 Min Read

ਨਿਊਜ਼ ਡੈਸਕ: ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕੈਨੇਡਾ-ਅਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸਿੱਖ ਆਗੂ ਪਰਮਜੀਤ ਸਿੰਘ ਪੰਮਾ ਨਾਲ ਕਥਿਤ ਗੱਲਬਾਤ ਦੀ ਇੱਕ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਬਰਾੜ ਨੇ ਦਾਅਵਾ ਕੀਤਾ ਕਿ ਨਿੱਝਰ ਦਾ ਕਤਲ ਉਸਨੇ ਕੀਤਾ ਸੀ। ਹਾਲਾਂਕਿ, ਇਹ ਬਰਾੜ ਵੱਲੋਂ ਕੀਤਾ ਗਿਆ ਦਾਅਵਾ ਹੈ ਅਤੇ ਇਸ ਆਡੀਓ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਸਾਡਾ ਚੈਨਲ ਵੀ ਇਸ ਆਡੀਓ ਜਾਂ ਬਰਾੜ ਦੇ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ।

ਨਿੱਝਰ ਨੂੰ ਲੈ ਕੇ ਕੀ ਕਿਹਾ?

ਬਰਾੜ ਨੇ ਦਾਅਵਾ ਕੀਤਾ ਕਿ ਨਿੱਝਰ ਉਨ੍ਹਾਂ ਲੋਕਾਂ ਦਾ ਸਮਰਥਨ ਕਰਦਾ ਸੀ, ਜੋ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਦੇ ਸਨ। ਉਸਦੇ ਮੁਤਾਬਕ, ਇਨ੍ਹਾਂ ਲੋਕਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਵੇਚਣ ਅਤੇ ਮੁਖਬਰ ਬਣਨ ਲਈ ਬਲੈਕਮੇਲ ਕੀਤਾ ਜਾਂਦਾ ਸੀ। ਬਰਾੜ ਨੇ ਦੋਸ਼ ਲਗਾਇਆ ਕਿ ਨਿੱਝਰ ਇਨ੍ਹਾਂ ਲੋਕਾਂ ਨੂੰ ਮਜ਼ਬੂਤ ਕਰ ਰਿਹਾ ਸੀ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।

ਗੋਲਡੀ ਬਰਾੜ ਨੇ ਕਿਹਾ ਕਿ ਉਸਨੇ ਗੁਰਦੁਆਰੇ ਦੇ ਅੰਦਰ ਗੋਲੀ ਨਹੀਂ ਚਲਾਈ, ਕਿਉਂਕਿ ਉਹ ਗੁਰੂ ਘਰ ਹੈ। ਉਸਦੇ ਦਾਅਵੇ ਮੁਤਾਬਕ, ਉਹ ਨਿੱਝਰ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ। ਬਰਾੜ ਨੇ ਇਹ ਵੀ ਕਿਹਾ ਕਿ ਉਸਨੂੰ ਲੱਗਦਾ ਸੀ ਕਿ ਅਰਸ਼ ਡੱਲਾ ਨਿੱਝਰ ਦੀ ਕਾਰ ਵਿੱਚ ਮੌਜੂਦ ਸੀ। ਉਸਨੇ ਦਾਅਵਾ ਕੀਤਾ ਕਿ ਜੇਕਰ ਡੱਲਾ ਵੀ ਉੱਥੇ ਹੁੰਦਾ ਤਾਂ ਉਹ ਵੀ ਮਾਰਿਆ ਜਾਂਦਾ। ਬਰਾੜ ਮੁਤਾਬਕ ਨਿੱਝਰ ’ਤੇ 50 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 34 ਉਸਨੂੰ ਲੱਗੀਆਂ।

ਨਿੱਝਰ ਕਤਲ ਤੋਂ ਬਾਅਦ ਭਾਰਤ-ਕੈਨੇਡਾ ਸਬੰਧ ਵਿਗੜੇ

2023 ਵਿੱਚ ਹਰਦੀਪ ਸਿੰਘ ਨਿੱਝਰ ਦੀ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਹੋਈ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵੱਡਾ ਤਣਾਅ ਪੈਦਾ ਹੋਇਆ। ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਕਤਲ ਦੀ ਸਾਜ਼ਿਸ਼ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਸਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਮਨਘੜਤ ਦੱਸ ਕੇ ਰੱਦ ਕੀਤਾ ਸੀ ਅਤੇ ਕੈਨੇਡਾ ’ਤੇ ਖਾਲਿਸਤਾਨੀ ਤੱਤਾਂ ਨੂੰ ਪਨਾਹ ਦੇਣ ਦੇ ਦੋਸ਼ ਲਗਾਏ ਸਨ।

ਹਾਲਾਂਕਿ, ਦਿੱਤੀ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ।

ਗੋਲਡੀ ਬਰਾੜ ’ਤੇ 50 ਹਜ਼ਾਰ ਡਾਲਰ ਦਾ ਇਨਾਮ

ਲਾਰੈਂਸ ਬਿਸ਼ਨੋਈ 2015 ਤੋਂ ਜੇਲ੍ਹ ਵਿੱਚ ਹੈ, ਜਦਕਿ ਗੋਲਡੀ ਬਰਾੜ ਕੈਨੇਡਾ ਵਿੱਚ ਰਹਿ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਗੈਂਗ ਨੂੰ ਚਲਾਉਂਦਾ ਹੈ। ਉਹ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਭਾਰਤ ਵਿੱਚ ਲੋੜੀਂਦਾ ਹੈ। ਦਿੱਤੀ ਜਾਣਕਾਰੀ ਅਨੁਸਾਰ, ਪਿਛਲੇ ਮਹੀਨੇ ਅਮਰੀਕਾ ਨੇ ਗੋਲਡੀ ਬਰਾੜ ਬਾਰੇ ਜਾਣਕਾਰੀ ਲਈ 50,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ।

Share This Article
Leave a Comment