ਚੰਡੀਗੜ੍ਹ: ਭਾਜਪਾ ਦੇ ਚੰਡੀਗੜ੍ਹ ਸਥਿਤ ਸੂਬਾਈ ਮੁੱਖ ਦਫ਼ਤਰ ਨੂੰ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਧਮਕੀ ਭਰਿਆ ਈ-ਮੇਲ ਪ੍ਰਾਪਤ ਹੋਇਆ ਹੈ। ਭੇਜੇ ਗਏ ਇਸ ਸੰਦੇਸ਼ ਵਿੱਚ 21 ਅਗਸਤ ਦੇ ਬੰਦ ਦੌਰਾਨ ਖੁੱਲ੍ਹੇ ਰਹਿਣ ਵਾਲੇ ਸ਼ਹਿਰਾਂ ਵਿੱਚ ਲੜੀਵਾਰ ਬੰਬ ਧਮਾਕੇ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਈ-ਮੇਲ ਰਾਹੀਂ 31 ਅਗਸਤ ਨੂੰ ਸਾਰੇ ਸਕੂਲ ਬੰਦ ਰੱਖਣ ਅਤੇ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਯਾਦ ਕਰਨ ਦਾ ਸੱਦਾ ਦਿੱਤਾ ਗਿਆ ਹੈ।ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਭਾਜਪਾ ਦਫ਼ਤਰ ਪਹੁੰਚੀਆਂ ਅਤੇ ਪੂਰੇ ਇਲਾਕੇ ਦੀ ਸੁਰੱਖਿਆ ਜਾਂਚ ਸ਼ੁਰੂ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਕੀ ਭਰਿਆ ਸੰਦੇਸ਼ ਭਾਜਪਾ ਦੇ ਸੂਬਾ ਦਫ਼ਤਰ ਦੇ ਅਧਿਕਾਰਤ ਈ-ਮੇਲ ਪਤੇ ‘ਤੇ ਭੇਜਿਆ ਗਿਆ ਹੈ। ਈ-ਮੇਲ ਵਿੱਚ 21 ਅਗਸਤ ਪੰਜਾਬ ਬੰਦ ਅਤੇ 31 ਅਗਸਤ ਸਕੂਲ ਬੰਦ ਵਰਗੇ ਨਾਅਰਿਆਂ ਅਤੇ ਹਦਾਇਤਾਂ ਦਾ ਜ਼ਿਕਰ ਕੀਤਾ ਗਿਆ ਹੈ। ਸੰਦੇਸ਼ ਭੇਜਣ ਵਾਲੇ ਵੱਲੋਂ ਪੰਜਾਬ ਦੇ ਮੌਜੂਦਾ ਮਾਹੌਲ ਨੂੰ ਗਰਮਖਿਆਲੀ ਦੇ ਮੁੱਦੇ ਨਾਲ ਜੋੜਦਿਆਂ ਬੇਹੱਦ ਭੜਕਾਊ ਅਤੇ ਧਮਕੀ ਭਰੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 21 ਅਗਸਤ ਨੂੰ ਸੂਬੇ ਦੇ ਸ਼ਹਿਰ ਬੰਦ ਨਾ ਰਹੇ ਤਾਂ ਉੱਥੇ ਵਿਸਫੋਟ ਕੀਤੇ ਜਾਣਗੇ।
ਇਸ ਧਮਕੀ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਸੁਰੱਖਿਆ ਤੰਤਰ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਜਾਂਚ ਟੀਮਾਂ ਈ-ਮੇਲ ਦੇ IP ਐਡਰੈੱਸ ਅਤੇ ਇਸ ਦੇ ਮੂਲ ਸਰੋਤ (ਸੋਰਸ) ਦਾ ਪਤਾ ਲਗਾਉਣ ਲਈ ਸਾਈਬਰ ਮਾਹਿਰਾਂ ਦੀ ਮਦਦ ਲੈ ਰਹੀਆਂ ਹਨ। ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਕਿ ਇਹ ਧਮਕੀ ਕਿਸੇ ਸਰਗਰਮ ਜਥੇਬੰਦੀ ਵੱਲੋਂ ਭੇਜੀ ਗਈ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਅਲੀ ਪਛਾਣ ਵਰਤ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

