BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਕੌਮੀ ਟੀਮ ਦਾ ਕੀਤਾ ਰਸਮੀ ਐਲਾਨ

Global Team
6 Min Read

ਨਿਊਜ਼ ਡੈਸਕ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਨੂੰ ਆਪਣੀ ਨਵੀਂ ਕੌਮੀ ਟੀਮ ਦਾ ਐਲਾਨ ਕੀਤਾ ਹੈ। ਇਸ ਨਵੀਂ ਟੀਮ ਵਿੱਚ 13 ਕੌਮੀ ਮੀਤ ਪ੍ਰਧਾਨਾਂ, 8 ਕੌਮੀ ਜਨਰਲ ਸਕੱਤਰਾਂ ਅਤੇ 16 ਕੌਮੀ ਸਕੱਤਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਟੀਮ ਵਿੱਚ ਵਸੁੰਧਰਾ ਰਾਜੇ, ਰਾਮ ਮਾਧਵ, ਬੈਜਯੰਤ ਪਾਂਡਾ, ਸਮ੍ਰਿਤੀ ਈਰਾਨੀ ਅਤੇ ਵਿਨੋਦ ਤਾਵੜੇ ਵਰਗੇ ਪ੍ਰਮੁੱਖ ਨਾਂ ਸ਼ਾਮਿਲ ਹਨ।

ਨਿਤਿਨ ਨਵੀਨ ਦੀ ਟੀਮ ‘ਤੇ ਨਜ਼ਰ ਮਾਰਨ ‘ਤੇ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਸਪੱਸ਼ਟ ਦਬਦਬਾ ਦਿਖਾਈ ਦਿੰਦਾ ਹੈ। ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ, ਟੀਮ ਵਿੱਚ ਉੱਤਰ ਪ੍ਰਦੇਸ਼ ‘ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ; ਇਸ ਵਿੱਚ ਦਿੱਲੀ ਤੋਂ 10 ਅਤੇ ਯੂ.ਪੀ. ਤੋਂ 8 ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੱਧ ਪ੍ਰਦੇਸ਼ (6), ਰਾਜਸਥਾਨ (4), ਮਹਾਰਾਸ਼ਟਰ (4) ਅਤੇ ਗੁਜਰਾਤ (4) ਦੇ ਆਗੂਆਂ ਨੂੰ ਵੀ ਨਿਤਿਨ ਨਵੀਨ ਦੀ ਟੀਮ ਵਿੱਚ ਜਗ੍ਹਾ ਮਿਲੀ ਹੈ।

65 ਮੈਂਬਰਾਂ ਵਾਲੀ ਇਸ ਨਵੀਂ ਟੀਮ ਵਿੱਚ ਜਥੇਬੰਦੀ ਦੇ ਪੁਰਾਣੇ ਤੇ ਤਜਰਬੇਕਾਰ ਆਗੂਆਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਕੌਮੀ ਸਕੱਤਰਾਂ ਤੋਂ ਲੈ ਕੇ ਵੱਖ-ਵੱਖ ਮੋਰਚਿਆਂ ਅਤੇ ਮੀਡੀਆ ਤੇ ਸੋਸ਼ਲ ਮੀਡੀਆ ਟੀਮਾਂ ਤੱਕ ਵਿਆਪਕ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੀਂ ਟੀਮ ਦੀ ਔਸਤ ਉਮਰ ਲਗਭਗ 50 ਸਾਲ ਦੇ ਕਰੀਬ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪਾਰਟੀ ਨੇ ਸੀਨੀਅਰ ਆਗੂਆਂ ਦੇ ਤਜਰਬੇ ਅਤੇ ਨੌਜਵਾਨ ਪੀੜ੍ਹੀ ਦੀ ਊਰਜਾ ਵਿਚਕਾਰ ਇੱਕ ਮਜ਼ਬੂਤ ਸੰਤੁਲਨ ਕਾਇਮ ਕਰਨ ਦਾ ਯਤਨ ਕੀਤਾ ਹੈ।

ਨਵੀਂ ਟੀਮ ਵਿੱਚ 12 ਮਹਿਲਾ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਕਿ 65 ਮੈਂਬਰੀ ਟੀਮ ਦਾ ਲਗਭਗ 18.5 ਫ਼ੀਸਦੀ (ਕਰੀਬ 20 ਫ਼ੀਸਦੀ) ਬਣਦਾ ਹੈ। ਕੌਮੀ ਮੀਤ ਪ੍ਰਧਾਨ ਵਜੋਂ ਵਸੁੰਧਰਾ ਰਾਜੇ, ਡੀ. ਪੁਰੰਦੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਦੋਸ਼ੀ, ਡਾ. ਭਾਰਤੀ ਪਵਾਰ ਅਤੇ ਡਾ. ਮਧੂਚੰਦਰ ਕਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉੱਥੇ ਹੀ ਸਮ੍ਰਿਤੀ ਇਰਾਨੀ ਨੂੰ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਵਿਤਾ ਪਾਟੀਦਾਰ, ਫਾਂਗਨੋਨ ਕੋਨਯਾਕ ਅਤੇ ਸੰਗੀਤਾ ਯਾਦਵ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ, ਜਦਕਿ ਰੂਪ ਕੁਮਾਰੀ ਚੌਧਰੀ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ ਅਤੇ ਪ੍ਰੀਤੀ ਗਾਂਧੀ ਨੂੰ ਸੋਸ਼ਲ ਮੀਡੀਆ ਟੀਮ ਵਿੱਚ ਸਹਿ-ਕਨਵੀਨਰ ਦੀ ਜ਼ਿੰਮੇਵਾਰੀ ਮਿਲੀ ਹੈ। ਮਹਿਲਾ ਨੁਮਾਇੰਦਗੀ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਮੋਹਰੀ ਰਿਹਾ ਹੈ, ਜਿੱਥੋਂ ਰੇਖਾ ਵਰਮਾ, ਸਮ੍ਰਿਤੀ ਇਰਾਨੀ ਅਤੇ ਸੰਗੀਤਾ ਯਾਦਵ ਨੂੰ ਅਹਿਮ ਅਹੁਦੇ ਮਿਲੇ ਹਨ।

ਕੌਮੀ ਜਨਰਲ ਸਕੱਤਰ (ਮਹਾਮੰਤਰੀ) ਦੇ ਪੱਧਰ ‘ਤੇ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਕੁੱਲ 8 ਜਨਰਲ ਸਕੱਤਰਾਂ ਵਿੱਚੋਂ 6 ਨਵੇਂ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਮ੍ਰਿਤੀ ਇਰਾਨੀ, ਬਿਪਲਬ ਦੇਵ, ਸਤੀਸ਼ ਪੂਨੀਆ, ਗਜੇਂਦਰ ਪਟੇਲ, ਹਰੀਸ਼ ਦਿਵੇਦੀ ਅਤੇ ਸੰਜੇ ਭਾਟੀਆ ਸ਼ਾਮਲ ਹਨ। ਦੂਜੇ ਪਾਸੇ ਸੁਨੀਲ ਬੰਸਲ ਅਤੇ ਵਿਨੋਦ ਤਾਵੜੇ ਨੂੰ ਉਨ੍ਹਾਂ ਦੇ ਅਹੁਦਿਆਂ ‘ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਤਰ੍ਹਾਂ ਨਵੀਂ ਟੀਮ ਨੂੰ ਅੱਗੇ ਲਿਆਉਣ ਦੇ ਨਾਲ-ਨਾਲ ਜਥੇਬੰਦੀ ਦੇ ਦੋ ਪ੍ਰਮੁੱਖ ਤੇ ਤਜਰਬੇਕਾਰ ਚਿਹਰਿਆਂ ‘ਤੇ ਭਰੋਸਾ ਕਾਇਮ ਰੱਖਿਆ ਗਿਆ ਹੈ।

ਸੰਗਠਨ ਦੇ ਸਭ ਤੋਂ ਅਹਿਮ ਅਹੁਦੇ ‘ਤੇ ਤਾਇਨਾਤ ਬੀ.ਐਲ. ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਵਜੋਂ ਬਰਕਰਾਰ ਰੱਖਿਆ ਗਿਆ ਹੈ। ਸ਼ਿਵਪ੍ਰਕਾਸ਼ ਵੀ ਰਾਸ਼ਟਰੀ ਸਹਿ-ਸੰਗਠਨ ਜਨਰਲ ਸਕੱਤਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਇਸ ਦੇ ਨਾਲ ਹੀ, ਸੌਦਨ ਸਿੰਘ ਦੀ ਸਹਿ-ਸੰਗਠਨ ਜਨਰਲ ਸਕੱਤਰ ਵਜੋਂ ਵਾਪਸੀ ਹੋਈ ਹੈ; ਉਹ ਪਹਿਲਾਂ ਰਾਸ਼ਟਰੀ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਕੌਮੀ ਸਕੱਤਰਾਂ ਦੀ ਸੂਚੀ ਵਿੱਚ ਸਭ ਤੋਂ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਕੁੱਲ ਬਣਾਏ ਗਏ 16 ਕੌਮੀ ਸਕੱਤਰਾਂ ਵਿੱਚੋਂ 14 ਨਵੇਂ ਚਿਹਰੇ ਹਨ। ਇਨ੍ਹਾਂ ਨਵੇਂ ਚਿਹਰਿਆਂ ਵਿੱਚ ਕਵਿਤਾ ਪਾਟੀਦਾਰ, ਕੇ. ਸੁਰੇਂਦਰਨ, ਡਾ. ਭੋਲਾ ਸਿੰਘ, ਡਾ. ਪ੍ਰਦੀਪ ਵਰਮਾ, ਜਗਦੀਸ਼ ਈਸ਼ਵਰਭਾਈ ਪਟੇਲ, ਡਾ. ਸੰਦੀਪ ਪਾਠਕ, ਸੰਗੀਤਾ ਯਾਦਵ, ਡਾ. ਐੱਮ. ਵੈਂਕਟੇਸ਼ਨ, ਮਨੋਜ ਤਿੱਗਾ, ਸਿਧਾਰਥ ਸ਼ੰਭੂ, ਡਾ. ਸਵਦੇਸ਼ ਸਿੰਘ, ਮ੍ਰਿਗਾਂਕ ਦੇਵ ਬਰਮਨ, ਰੋਹਨ ਗੁਪਤਾ ਅਤੇ ਜੈ ਪ੍ਰਕਾਸ਼ ਸ਼ਾਮਲ ਹਨ। ਦੂਜੇ ਪਾਸੇ ਫਾਂਗਨੋਨ ਕੋਨਯਾਕ ਅਤੇ ਅਨਿਲ ਐਂਟਨੀ ਨੂੰ ਆਪਣੇ ਅਹੁਦਿਆਂ ‘ਤੇ ਬਰਕਰਾਰ ਰੱਖਿਆ ਗਿਆ ਹੈ। ਸਕੱਤਰ ਪੱਧਰ ‘ਤੇ ਕਰੀਬ 87 ਫ਼ੀਸਦੀ ਚਿਹਰੇ ਨਵੇਂ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਨਿਤਿਨ ਨਬੀਨ ਨੇ ਜਥੇਬੰਦੀ ਦੇ ਹੇਠਲੇ ਅਤੇ ਦਰਮਿਆਨੇ ਪੱਧਰਾਂ ‘ਤੇ ਨਵੀਂ ਪੀੜ੍ਹੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਨੂੰ ਪਹਿਲ ਦਿੱਤੀ ਹੈ।

ਨਵੀਂ ਟੀਮ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਕੌਮੀ ਖ਼ਜ਼ਾਨਚੀ (ਟ੍ਰੇਜ਼ਰਾਰ) ਬਣਾਇਆ ਜਾਣਾ ਵੀ ਇੱਕ ਵੱਡਾ ਬਦਲਾਅ ਹੈ। ਇਸ ਨਿਯੁਕਤੀ ਨਾਲ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਕੀ ਉਨ੍ਹਾਂ ਦਾ ਕੇਂਦਰੀ ਮੰਤਰੀ ਦਾ ਅਹੁਦਾ ਬਰਕਰਾਰ ਰਹੇਗਾ ਜਾਂ ਨਹੀਂ, ਜਿਸ ‘ਤੇ ਸਥਿਤੀ ਸਪੱਸ਼ਟ ਹੋਣੀ ਅਜੇ ਬਾਕੀ ਹੈ। ਪਿਊਸ਼ ਗੋਇਲ ਦੀ ਟੀਮ ਵਿੱਚ ਰਾਜੇਸ਼ ਮੰਗਲ ਨੂੰ ਸਹਿ-ਖ਼ਜ਼ਾਨਚੀ ਬਣਾਇਆ ਗਿਆ ਹੈ, ਜੋ ਪਿਛਲੇ 12 ਸਾਲਾਂ ਤੋਂ ਪਾਰਟੀ ਦੇ ਵਿੱਤ ਵਿਭਾਗ ਦਾ ਕੰਮਕਾਜ ਸੰਭਾਲ ਰਹੇ ਸਨ।
Share This Article
Leave a Comment