ਹਾਂਸੀ: ਹਰਿਆਣਾ ਦੇ ਹਾਂਸੀ ਵਿੱਚ 15 ਅਗਸਤ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਦੇ ਝੰਡਾ ਲਹਿਰਾਉਣ ਵਾਲੇ ਪ੍ਰੋਗਰਾਮ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ। ਕਿਸਾਨਾਂ ਨੂੰ ਰੋਕਣ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਅਤੇ ਕੁਝ ਦੇ ਸਿਰ ’ਤੇ ਸੱਟਾਂ ਲੱਗੀਆਂ।
ਇਸ ਤੋਂ ਬਾਅਦ ਕਿਸਾਨਾਂ ਵੱਲੋਂ ਪੁਲਿਸ ’ਤੇ ਪਥਰਾਅ ਕੀਤਾ ਗਿਆ। ਪਥਰਾਅ ਵਿੱਚ ਹਾਂਸੀ ਦੇ ਐਸਪੀ ਵਿਨੋਦ ਕੁਮਾਰ ਅਤੇ ਇੱਕ ਡੀਐਸਪੀ ਵੀ ਜ਼ਖਮੀ ਹੋ ਗਏ। ਐਸਪੀ ਨੇ ਆਪਣੇ ਹੱਥ ’ਤੇ ਰੁਮਾਲ ਬੰਨ੍ਹ ਕੇ ਖੂਨ ਰੋਕਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਵੀ ਕੀਤਾ ਪਥਰਾਅ
ਹੰਗਾਮੇ ਦੌਰਾਨ ਪੁਲਿਸ ਵੱਲੋਂ ਵੀ ਪਥਰਾਅ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਕਈ ਕਿਸਾਨ ਇਸ ਦੌਰਾਨ ਜ਼ਖਮੀ ਹੋਏ। ਵਿਰੋਧ ਕਰਨ ਲਈ ਪਹੁੰਚੀਆਂ ਕੁਝ ਮਹਿਲਾਵਾਂ ਨੇ ਦੁਕਾਨਾਂ ਵਿੱਚ ਲੁਕ ਕੇ ਆਪਣਾ ਬਚਾਅ ਕੀਤਾ।
ਸਿਸਾਈ ਪੁਲ ’ਤੇ ਪੁਲਿਸ ਨੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਪਿੱਛੇ ਧੱਕ ਦਿੱਤਾ। ਪੁਲਿਸ ਨੇ ਕਿਸਾਨ ਆਗੂ ਸੁਰੇਸ਼ ਕੌਥ ਸਮੇਤ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਦਕਿ ਕੁਝ ਨੂੰ ਨਜ਼ਰਬੰਦ ਵੀ ਕੀਤਾ ਗਿਆ।
ਕਿਸਾਨਾਂ ਨੇ ਦਿੱਤੀ ਹਾਈਵੇ ਜਾਮ ਕਰਨ ਦੀ ਚਿਤਾਵਨੀ
ਹਿਰਾਸਤ ਵਿੱਚ ਲਏ ਗਏ ਲੋਕਾਂ ਦੀ ਰਿਹਾਈ ਨਾ ਹੋਣ ਤੋਂ ਨਾਰਾਜ਼ ਕਿਸਾਨਾਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇ ਦੁਪਹਿਰ 3 ਵਜੇ ਤੱਕ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਇਸ ਦੌਰਾਨ ਕਾਂਗਰਸ ਵਿਧਾਇਕ ਨਰੇਸ਼ ਸੈਲਵਾਲ ਵੀ ਕਿਸਾਨਾਂ ਵਿਚਾਲੇ ਪਹੁੰਚੇ ਅਤੇ ਸੰਘਰਸ਼ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ।
ਕਿਸਾਨਾਂ ਦਾ ਇਹ ਪ੍ਰਦਰਸ਼ਨ ਹਿਸਾਰ ਵਿੱਚ 4 ਅਗਸਤ ਨੂੰ ਡੇਅਰੀ ਸੰਚਾਲਕ ਜੀਵਨ ਕੁੰਡੂ ਦੀ ਲਾਠੀਆਂ-ਡੰਡਿਆਂ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੀ।
ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਵਿਵੇਕ ਅਤੇ ਸੁਮਿਤ ਉਰਫ਼ ਸੂਤੀ ਖਾਨ ਨੂੰ ਵੀ ਕਾਬੂ ਕੀਤਾ ਗਿਆ। ਇਸ ਤੋਂ ਪਹਿਲਾਂ ਭਾਨੂ ਕੁਮਾਰ, ਗਜੇਂਦਰ ਉਰਫ਼ ਗੱਜੂ ਪੰਡਿਤ ਅਤੇ ਸਾਹਿਲ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।
ਮੁੱਖ ਮੁਲਜ਼ਮ ਰਮੇਸ਼ ਸ਼ਰਮਾ ਹਾਲੇ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੈ।
ਕਿਸਾਨਾਂ ਤੇ ਖਾਪਾਂ ਨੇ ਟੋਲ ਪਲਾਜ਼ੇ ਵੀ ਬੰਦ ਰੱਖੇ
ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਦੇ ਵਿਰੋਧ ਵਿੱਚ ਕਿਸਾਨਾਂ ਅਤੇ ਖਾਪ ਨੁਮਾਇੰਦਿਆਂ ਨੇ ਪਿਛਲੇ ਦਿਨ ਇਲਾਕੇ ਦੇ 7 ਪ੍ਰਮੁੱਖ ਟੋਲ ਪਲਾਜ਼ੇ ਲਗਭਗ 3 ਘੰਟਿਆਂ ਲਈ ਬੰਦ ਰੱਖੇ ਸਨ। ਇਸ ਦੌਰਾਨ ਕੁਝ ਥਾਵਾਂ ’ਤੇ ਵਾਹਨ ਚਾਲਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਹਿਸ ਵੀ ਹੋਈ।

