ਸਹੁਰੇ ਘਰੋਂ ਅੰਮ੍ਰਿਤਸਰ ਆਈ ਆਪਣੀ ਹੀ ਭੈਣ ‘ਤੇ ਭਰਾ ਨੇ ਰਾਡ ਨਾਲ ਕੀਤਾ ਹਮਲਾ, 15 ਸਕਿੰਟ ‘ਚ ਤੋੜੀ ਲੱਤ

Global Team
3 Min Read

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਭਰਾ ਵੱਲੋਂ ਆਪਣੀ ਹੀ ਭੈਣ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮ ਨੇ ਸਿਰਫ਼ 15 ਸਕਿੰਟਾਂ ਵਿੱਚ ਲਗਭਗ 12 ਵਾਰ ਰਾਡ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਮਹਿਲਾ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਪੂਰੀ ਵੀਡੀਓ ਨੇੜੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਵੱਡੇ ਭਰਾ ਦੇ ਘਰ ਜਾਣ ‘ਤੇ ਸੀ ਨਾਰਾਜ਼ਗੀ

ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਮੁਤਾਬਕ, ਪੀੜਤਾ ਮੁੰਬਈ ਤੋਂ ਅੰਮ੍ਰਿਤਸਰ ਆਪਣੇ ਵੱਡੇ ਭਰਾ ਨੂੰ ਮਿਲਣ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਛੋਟਾ ਭਰਾ ਇਸ ਗੱਲ ਤੋਂ ਨਾਰਾਜ਼ ਸੀ ਕਿ ਭੈਣ ਉਸ ਦੇ ਘਰ ਨਾ ਜਾ ਕੇ ਵੱਡੇ ਭਰਾ ਦੇ ਘਰ ਕਿਉਂ ਗਈ। ਜਦੋਂ ਉਹ ਵਾਪਸ ਆਪਣੇ ਸਹੁਰੇ ਜਾਣ ਲਈ ਨਿੱਕਲੀ ਤਾਂ ਅੰਮ੍ਰਿਤਸਰ ਦੇ ਨਿਊ ਮਾਡਲ ਟਾਊਨ, ਖੰਡਵਾਲਾ, ਛੇਹਰਟਾ ਇਲਾਕੇ ਵਿੱਚ ਉਸ ‘ਤੇ ਹਮਲਾ ਕਰ ਦਿੱਤਾ ਗਿਆ।

CCTV ਵਿੱਚ ਕੈਦ ਹੋਈ ਘਟਨਾ

CCTV ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਜਿਵੇਂ ਹੀ ਮਹਿਲਾ ਘਰ ਤੋਂ ਬਾਹਰ ਨਿਕਲਦੀ ਹੈ, ਇੱਕ ਕਾਰ ਉੱਥੇ ਆ ਕੇ ਰੁਕਦੀ ਹੈ। ਕਾਰ ਵਿੱਚੋਂ ਉਸ ਦਾ ਪਿਤਾ ਅਤੇ ਛੋਟਾ ਭਰਾ ਬਾਹਰ ਆਉਂਦੇ ਹਨ। ਦੋਸ਼ ਹੈ ਕਿ ਕਾਰ ਵਿੱਚੋਂ ਉਤਰਦੇ ਹੀ ਮੁਲਜ਼ਮ ਨੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਨਾਲ ਭੈਣ ‘ਤੇ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮਹਿਲਾ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ, ਜਦਕਿ ਪਿਤਾ ਵੀ ਮੌਕੇ ‘ਤੇ ਮੌਜੂਦ ਸਨ। ਕੁਝ ਸਮੇਂ ਬਾਅਦ ਵੱਡੇ ਭਰਾ ਦੀ ਪਤਨੀ ਬਾਹਰ ਆਈ ਤਾਂ ਮੁਲਜ਼ਮ ਉੱਥੋਂ ਚਲਾ ਗਿਆ।

ਜਾਇਦਾਦੀ ਵਿਵਾਦ ਦਾ ਵੀ ਲੱਗਾ ਦੋਸ਼

ਪੀੜਤਾ ਦੇ ਵੱਡੇ ਭਰਾ ਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਇਸ ਵਿਵਾਦ ਦਾ ਇੱਕ ਕਾਰਨ ਜਾਇਦਾਦ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੋਟਾ ਭਰਾ ਸਾਰੀ ਜਾਇਦਾਦ ਆਪਣੇ ਨਾਂ ਕਰਵਾਉਣਾ ਚਾਹੁੰਦਾ ਹੈ ਅਤੇ ਪਹਿਲਾਂ ਵੀ ਕਈ ਵਾਰ ਲੜਾਈ ਅਤੇ ਹਮਲੇ ਕਰ ਚੁੱਕਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਘਰਾਂ ‘ਚ ਜਾ ਕੇ ਝਗੜਾ ਕਰਦਾ ਰਿਹਾ ਹੈ।

ਪੁਲਿਸ ਕਰ ਰਹੀ ਜਾਂਚ

ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਅਤੇ ਜ਼ਖ਼ਮੀ ਮਹਿਲਾ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਪੁਲਿਸ ਨੇ CCTV ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਛੇਹਰਟਾ ਥਾਣੇ ਦੇ SHO ਮੁਤਾਬਕ, ਪੀੜਤਾ ਦੀ ਹਾਲਤ ਠੀਕ ਨਾਂ ਹੋਣ ਕਾਰਨ ਹਾਲੇ ਉਸ ਦੇ ਬਿਆਨ ਦਰਜ ਨਹੀਂ ਹੋ ਸਕੇ। ਬਿਆਨ ਮਿਲਣ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।

Share This Article
Leave a Comment