ਜ਼ੀਰਕਪੁਰ : ਜ਼ੀਰਕਪੁਰ ਦੇ ਇੱਕ ਚਾਰਟਰਡ ਅਕਾਊਂਟੈਂਟ (CA) ਨੇ ਆਪਣੀ ਪਤਨੀ ਨਾਲ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੀ.ਏ. ਰਾਜੀਵ ਬਾਲੀ ਦੀ ਮ੍ਰਿਤਕ ਦੇਹ ਪੰਜਾਬ ਦੇ ਰਾਜਪੁਰਾ ਨੇੜਿਓਂ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਸੀ, ਜਦੋਂਕਿ ਉਨ੍ਹਾਂ ਦੀ ਪਤਨੀ ਨੀਰਜਾ ਬਾਲੀ ਦੀ ਦੇਹ ਘਟਨਾ ਸਥਾਨ ਤੋਂ ਲਗਭਗ 80 ਕਿਲੋਮੀਟਰ ਦੂਰ ਕੁਰੂਕਸ਼ੇਤਰ ਦੇ ਜਯੋਤੀਸਰ ਨੇੜੇ ਲੰਘਦੀ ਸਰਸਵਤੀ ਫੀਡਰ ਨਹਿਰ ਵਿੱਚੋਂ ਮਿਲੀ ਹੈ।
ਪੰਜਾਬ ਪੁਲਿਸ ਨੂੰ ਭਾਖੜਾ ਨਹਿਰ ਦੇ ਕੰਢੇ ਇੱਕ ਲਾਵਾਰਿਸ ਹਾਲਤ ਵਿੱਚ ਕਾਰ ਮਿਲੀ, ਜਿਸ ਵਿੱਚ ਚਾਰ ਮੋਬਾਈਲ ਫੋਨ ਅਤੇ ਇੱਕ ਲੈਪਟਾਪ ਸੀ। ਮੋਬਾਈਲ ਫੋਨ ਰਾਹੀਂ, ਇਹ ਪਤਾ ਲੱਗਿਆ ਕਿ ਇਹ ਕਾਰ ਰਾਜੀਵ ਦੀ ਸੀ, ਜੋ 21 ਜੁਲਾਈ ਨੂੰ ਆਪਣੀ ਪਤਨੀ ਨੀਰਜਾ ਨਾਲ ਘਰੋਂ ਨਿਕਲਿਆ ਸੀ ਪਰ ਵਾਪਿਸ ਨਹੀਂ ਪਰਤਿਆ ।
ਪੁਲਿਸ ਦੇ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੋੜਾ ਕੁਝ ਸਮੇਂ ਤੋਂ ਵਿੱਤੀ ਦਬਾਅ ਵਿੱਚ ਸੀ। ਫਿਲਹਾਲ, ਕੁਰੂਕਸ਼ੇਤਰ ਪੁਲਿਸ ਨੇ ਮਾਮਲੇ ਬਾਰੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਕੁਰੂਕਸ਼ੇਤਰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕਾ ਨੀਰਜਾ ਦੇ ਭਰਾ ਦਿਨੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਰਾਜੀਵ ਬਾਲੀ ਇੱਕ ਚਾਰਟਰਡ ਅਕਾਊਂਟੈਂਟ ਸਨ ਅਤੇ ਉਨ੍ਹਾਂ ਦਾ ਜ਼ੀਰਕਪੁਰ ਦੇ ਇੱਕ ਮਾਲ ਵਿੱਚ ਦਫ਼ਤਰ ਸੀ। ਉਹ ਪਿਛਲੇ ਕੁਝ ਸਮੇਂ ਤੋਂ ਆਰਥਿਕ ਮੰਦਹਾਲੀ ਅਤੇ ਵਿੱਤੀ ਦਬਾਅ ਵਿੱਚੋਂ ਲੰਘ ਰਹੇ ਸਨ। ਦਿਨੇਸ਼ ਨੇ ਖ਼ਦਸ਼ਾ ਜਤਾਇਆ ਕਿ ਇਸੇ ਵਿੱਤੀ ਤੰਗੀ ਤੋਂ ਪਰੇਸ਼ਾਨ ਹੋ ਕੇ ਦੋਵਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਸੇ ਵੀ ਵਿਅਕਤੀ ‘ਤੇ ਕੋਈ ਸ਼ੱਕ ਨਹੀਂ ਜ਼ਾਹਰ ਕੀਤਾ ਅਤੇ ਨਾ ਹੀ ਉਹ ਕਿਸੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਚਾਹੁੰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

