ਅੰਮ੍ਰਿਤਸਰ: ਅੰਮ੍ਰਿਤਸਰ ‘ਚ ਅਟਾਰੀ-ਵਾਘਾ ਸਰਹੱਦ ‘ਤੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ‘ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਕਿਸੇ ਵੀ ਸ਼ਰਧਾਲੂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਬੱਸ ‘ਚ ਇੱਕ ਸ਼ਰਧਾਲੂ ਦਾ ਮੋਬਾਈਲ ਟੁੱਟ ਜਾਣ ਦੀ ਖ਼ਬਰ ਹੈ। ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਦਿੱਤਾ ਹੈ। ਮੁਲਜ਼ਮਾਂ ਵਿਰੁੱਧ ਭਾਰਤੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਪੁਲਿਸ ਨੇ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 281, 125A, 126(2), 351 ਅਤੇ 109 ਤਹਿਤ ਮਾਮਲਾ ਦਰਜ ਹੈ।
ਪੁਲਿਸ ਕੋਲ ਦਰਜ ਸ਼ਿਕਾਇਤ ਦੇ ਅਨੁਸਾਰ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰਾ ਕਰ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਵਾਘਾ ਬਾਰਡਰ ਵੱਲ ਜਾ ਰਹੀ ਸੀ। ਯਾਤਰਾ ਦੌਰਾਨ, ਦੋ ਨੌਜਵਾਨਾਂ ਨੇ ਆਪਣੀ ਗੱਡੀ ਬੱਸ ਦੇ ਅੱਗੇ ਖੜ੍ਹੀ ਕਰਕੇ ਬੱਸ ਦਾ ਰਸਤਾ ਰੋਕ ਲਿਆ। ਇਲਜ਼ਾਮ ਹੈ ਕਿ ਦੋਵਾਂ ਨੇ ਯਾਤਰੀਆਂ ਨਾਲ ਗਾਲੀ-ਗਲੋਚ ਕੀਤੀ ਤੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ।
ਅਪਾਹਜ ਸ਼ਰਧਾਲੂ ਨੂੰ ਧੱਕਾ ਦੇ ਕੇ ਸੁੱਟਿਆ
ਸ਼ਿਕਾਇਤ ਅਨੁਸਾਰ ਦੋਵੇਂ ਨੌਜਵਾਨਾਂ ਨੇ ਬੇਸਬਾਲ ਬੈਟ ਤੇ ਗੰਡਾਸਾ ਨਾਲ ਲੈਸ ਹੋ ਕੇ ਆਪਣੀ ਗੱਡੀ ਵਿੱਚੋਂ ਬਾਹਰ ਨਿਕਲੇ ਤੇ ਬੱਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਸਮੇਂ, ਲਗਭਗ 45 ਸ਼ਰਧਾਲੂ ਬੱਸ ‘ਚ ਸਵਾਰ ਸਨ, ਜਿਨ੍ਹਾਂ ‘ਚ ਲਗਭਗ 80 ਫ਼ੀਸਦੀ ਔਰਤਾਂ ਤੇ 20 ਫ਼ੀਸਦੀ ਬਜ਼ੁਰਗ ਵਿਅਕਤੀ ਸਨ। ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਨੌਜਵਾਨਾਂ ਨੇ ਘਟਨਾ ਦੌਰਾਨ ਇੱਕ ਅਪਾਹਜ ਸ਼ਰਧਾਲੂ ਨੂੰ ਧੱਕਾ ਦੇ ਕੇ ਸੁੱਟ ਦਿੱਤਾ , ਜਿਸ ਨਾਲ ਯਾਤਰੀਆਂ ‘ਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਦੋਵਾਂ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

