ਸਿੰਗਾਪੁਰ ਵਿੱਚ ਭਾਰਤੀ ਨਾਗਰਿਕ ਨੂੰ ਜੇਲ੍ਹ; ਪੂਰਾ ਮਾਮਲਾ ਜਾਣ ਉੱਡ ਜਾਣਗੇ ਹੋਸ਼!

Global Team
2 Min Read

ਨਿਊਜ਼ ਡੈਸਕ : ਸਿੰਗਾਪੁਰ ਦੇ ਚਾਈਨਾਟਾਊਨ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 2 ਲੱਖ ਸਿੰਗਾਪੁਰ ਡਾਲਰ (1.54 ਲੱਖ ਅਮਰੀਕੀ ਡਾਲਰ) ਦਾ ਹੀਰਾ ਚੋਰੀ ਕਰਨ ਦੀ ਸਾਜ਼ਿਸ਼ ਰਚਣ ਵਾਲੇ ਦੋ ਭਾਰਤੀ ਨਾਗਰਿਕਾਂ ਵਿੱਚੋਂ ਪਹਿਲੇ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 41 ਸਾਲਾ ਮੁਲਜ਼ਮ ਮੰਗਰੋਲੀਆ ਮਨੋਜਕੁਮਾਰ ਕੁਰਜੀਭਾਈ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਦਾਲਤ ਨੇ ਉਸ ਨੂੰ 2 ਸਾਲ, 2 ਮਹੀਨੇ ਅਤੇ 2 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਉਸ ਦੇ ਸਾਥੀ 30 ਸਾਲਾ ਸੇਰਾਸੀਆ ਮਿਲਨ ਰਮਣੀਕਭਾਈ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।

ਜਾਣਕਾਰੀ ਅਨੁਸਾਰ ਦੋਵੇਂ ਦੋਸ਼ੀ ਇੱਕ ਸਾਂਝੇ ਦੋਸਤ ਰਾਹੀਂ ਮਿਲੇ ਸਨ ਅਤੇ ਸੋਸ਼ਲ ਵਿਜ਼ਿਟ ਪਾਸ ‘ਤੇ ਸਿੰਗਾਪੁਰ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੂਰਤ ਵਿੱਚ ਇੱਕ ਨਕਲੀ ਹੀਰਾ ਬਣਵਾਇਆ ਸੀ, ਜੋ ਅਸਲੀ ਹੀਰੇ ਦੇ ਆਕਾਰ, ਵਜ਼ਨ ਅਤੇ ਸੀਰੀਅਲ ਨੰਬਰ ਨਾਲ ਬਿਲਕੁਲ ਮੇਲ ਖਾਂਦਾ ਸੀ। ਯੋਜਨਾ ਇਹ ਸੀ ਕਿ ਇੱਕ ਦੋਸ਼ੀ ਦੁਕਾਨ ਦੇ ਕਰਮਚਾਰੀ ਦਾ ਧਿਆਨ ਭਟਕਾਏਗਾ ਅਤੇ ਦੂਜਾ ਅਸਲੀ ਹੀਰੇ ਦੀ ਜਗ੍ਹਾ ਨਕਲੀ ਹੀਰਾ ਰੱਖ ਦੇਵੇਗਾ। ਅਸਲੀ ਹੀਰਾ ਮੂੰਹ ਵਿੱਚ ਛੁਪਾ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ।

19 ਜੂਨ 2026 ਨੂੰ ਦੋਵੇਂ ਚਾਂਗੀ ਏਅਰਪੋਰਟ ਦੇ ਰਸਤੇ ਸਿੰਗਾਪੁਰ ਪਹੁੰਚੇ। ਉਨ੍ਹਾਂ ਦਾ ਨਿਸ਼ਾਨਾ ਚਾਈਨਾਟਾਊਨ ਦੀ ਡਾਇਆਨੋਸ਼ੇ ਜਵੈਲਰੀ ਦੁਕਾਨ ਤੋਂ 4.95 ਕੈਰੇਟ ਦਾ ਹੀਰਾ ਚੋਰੀ ਕਰਨਾ ਸੀ, ਜਿਸ ਦੀ ਕੀਮਤ 1.54 ਲੱਖ ਅਮਰੀਕੀ ਡਾਲਰ ਸੀ। ਦੁਪਹਿਰ ਵੇਲੇ ਦੁਕਾਨ ‘ਤੇ ਪਹੁੰਚ ਕੇ ਮਨੋਜਕੁਮਾਰ ਨੇ ਸੇਲਜ਼ ਮੈਨੇਜਰ ਨੂੰ ਦੂਜੀਆਂ ਚੀਜ਼ਾਂ ਵਿੱਚ ਉਲਝਾਇਆ ਅਤੇ ਮਿਲਨ ਨੇ ਨਕਲੀ ਹੀਰੇ ਨਾਲ ਅਦਲਾ-ਬਦਲੀ ਕਰ ਦਿੱਤੀ। ਅਸਲੀ ਹੀਰਾ ਉਸ ਨੇ ਆਪਣੇ ਮੂੰਹ ਵਿੱਚ ਛੁਪਾ ਲਿਆ।

ਦੋਵੇਂ ਖ਼ਰੀਦਣ ਦਾ ਬਹਾਨਾ ਬਣਾ ਕੇ ਦੁਕਾਨ ਤੋਂ ਨਿਕਲ ਗਏ। ਪਰ ਉਨ੍ਹਾਂ ਦੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਸੀ। ਸੇਲਜ਼ ਮੈਨੇਜਰ ਨੇ ਜਾਂਚ ਮਸ਼ੀਨ ਨਾਲ ਹੀਰੇ ਦੀ ਅਸਲਿਅਤ ਦਾ ਪਤਾ ਲਗਾਇਆ ਅਤੇ ਤੁਰੰਤ ਮਾਮਲਾ ਸਾਹਮਣੇ ਆ ਗਿਆ।

ਦੋਵੇਂ ਹੋਟਲ ਵਾਪਸ ਆਏ ਅਤੇ ਜਲਦੀ ਚੈੱਕ-ਆਊਟ ਕਰਕੇ ਭਾਰਤ ਵਾਪਸ ਜਾਣ ਦੀ ਫ਼ਲਾਈਟ ਬੁੱਕ ਕਰ ਲਈ। ਪਰ ਰਾਤ ਲਗਭਗ 8:50 ਵਜੇ ਚਾਂਗੀ ਏਅਰਪੋਰਟ ‘ਤੇ ਇੰਮੀਗ੍ਰੇਸ਼ਨ ਪਾਰ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਸਲੀ ਹੀਰਾ ਮਿਲਨ ਦੇ ਬੈਗ ਵਿੱਚੋਂ ਬਰਾਮਦ ਹੋਇਆ।

 

Share This Article
Leave a Comment