ਨਵੀ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਨੀਟ ਯੂਜੀ (NEET UG) ਪ੍ਰੀਖਿਆ 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਕੁੱਲ 11.21 ਲੱਖ ਵਿਦਿਆਰਥੀਆਂ ਨੇ ਕੌਂਸਲਿੰਗ ਲਈ ਕੁਆਲੀਫਾਈ ਕੀਤਾ ਹੈ। ਇਸੇ ਨਤੀਜੇ ਦੇ ਅਧਾਰ ‘ਤੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਦਾਖ਼ਲਾ ਮਿਲੇਗਾ।
ਦੱਸ ਦਈਏ ਕਿ ਨੀਟ ਯੂਜੀ ਪ੍ਰੀਖਿਆ 3 ਮਈ 2026 ਨੂੰ ਕਰਵਾਈ ਗਈ ਸੀ, ਪਰ ਪੇਪਰ ਲੀਕ ਅਤੇ ਹੋਰ ਬੇਨਿਯਮੀਆਂ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ। ਇਸ ਤੋਂ ਬਾਅਦ, ਨੈਸ਼ਨਲ ਟੈਸਟਿੰਗ ਏਜੰਸੀ ਨੇ ਦੁਬਾਰਾ ਪ੍ਰੀਖਿਆ 21 ਜੂਨ 2026 ਨੂੰ ਕਰਵਾਈ। ਐੱਨਟੀਏ ਨੇ ਨਤੀਜਾ ਜਾਰੀ ਕਰਨ ਤੋਂ ਲਗਭਗ ਇੱਕ ਘੰਟਾ ਪਹਿਲਾਂ ਆਂਸਰ ਕੀ ਜਾਰੀ ਕੀਤੀ ਸੀ। ਉਮੀਦਵਾਰ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ https://neet.nta.nic.in ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ।
ਟਾਪ ਰੈਂਕਰਸ, ਸਟੇਟ ਟਾਪਰਸ, ਕੈਟੇਗਰੀ-ਵਾਈਜ਼ ਟਾਪਰਸ, ਕੈਟੇਗਰੀ-ਵਾਈਜ਼ ਕੱਟ-ਆਫ ਮਾਰਕਸ ਅਤੇ ਭਾਸ਼ਾ-ਵਾਈਜ਼ ਭਾਗੀਦਾਰੀ ਦੀ ਪੂਰੀ ਸੂਚੀ ਵੀ ਐੱਨਟੀਏ ਦੀ ਵੈੱਬਸਾਈਟ ‘ਤੇ ਮੌਜੂਦ ਹੈ। ਪੰਜਾਬ ਦੇ ਆਰਿਅਨ ਗੁਪਤਾ ਅਤੇ ਹਰਿਆਣਾ ਦੇ ਪਾਂਸ਼ੁਲ ਬੰਸਲ 720 ਵਿੱਚੋਂ 715 ਅੰਕਾਂ ਨਾਲ ਆਲ ਇੰਡੀਆ ਟਾਪਰ ਬਣੇ। 19 ਵਿਦਿਆਰਥੀਆਂ ਨੇ 700 ਤੋਂ ਵੱਧ, ਜਦਕਿ 138 ਉਮੀਦਵਾਰਾਂ ਨੇ 690 ਤੋਂ ਵੱਧ ਅੰਕ ਹਾਸਲ ਕੀਤੇ ਹਨ।
ਟਾਪ ਸਕੋਰਰਾਂ ਵਿੱਚੋਂ 93% ਤੋਂ ਵੱਧ ਵਿਦਿਆਰਥੀਆਂ ਨੇ ਪਹਿਲੀ ਵਾਰ ਪ੍ਰੀਖਿਆ ਦਿੱਤੀ ਸੀ। 99% ਟਾਪ ਰੈਂਕਰਾਂ ਦੀ ਉਮਰ 17 ਤੋਂ 19 ਸਾਲ ਦੇ ਵਿਚਕਾਰ ਰਹੀ। ਕੁਆਲੀਫਾਈ ਕਰਨ ਵਾਲੇ ਕੁੱਲ ਉਮੀਦਵਾਰਾਂ ਵਿੱਚੋਂ 58% ਤੋਂ ਵੱਧ ਵਿਦਿਆਰਥਣਾਂ ਅਤੇ 55.1% ਵਿਦਿਆਰਥੀ ਹਨ।551 ਸ਼ਹਿਰਾਂ ਵਿੱਚ 5,440 ਪ੍ਰੀਖਿਆ ਕੇਂਦਰਾਂ ‘ਤੇ ਇਹ ਪ੍ਰੀਖਿਆ 13 ਭਾਸ਼ਾਵਾਂ ਵਿੱਚ ਹੋਈ ਸੀ।
ਐੱਨਟੀਏ ਨੇ ਇਸ ਸਾਲ ਪ੍ਰੀਖਿਆ ਦੀ ਮੁਲਾਂਕਣ ਪ੍ਰਕਿਰਿਆ ਵਿੱਚ ਵੀ ਵੱਡਾ ਬਦਲਾਅ ਕੀਤਾ ਸੀ। ਪਹਿਲੀ ਵਾਰ ਮੁਲਾਂਕਣ ਦੇ ਸਾਰੇ ਪੜਾਅ ਇੱਕ ਤੋਂ ਬਾਅਦ ਇੱਕ ਦੀ ਬਜਾਏ ਸਮਾਨੰਤਰ ਤਰੀਕੇ ਨਾਲ ਪੂਰੇ ਕੀਤੇ ਗਏ। ਇਸ ਨਾਲ ਤੈਅ ਸਮੇਂ ‘ਤੇ ਨਤੀਜਾ ਜਾਰੀ ਕੀਤਾ ਜਾ ਸਕਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

