ਤੇਹਰਾਨ : ਪੱਛਮੀ ਏਸ਼ੀਆ ਵਿੱਚ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਗੱਲਬਾਤ ਪੂਰੀ ਤਰ੍ਹਾਂ ਰੁਕ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਤਬਾਹ ਕਰਨ ਦੀ ਨਵੀਂ ਧਮਕੀ ਦਿੱਤੀ ਹੈ। ਅਮਰੀਕਾ ਨੇ ਹੋਰਮੁਜ਼ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਜਹਾਜ਼ਾਂ ‘ਤੇ ਈਰਾਨ ਦੇ ਹਮਲਿਆਂ ਦੇ ਜਵਾਬ ਵਿੱਚ ਤੇਹਰਾਨ ‘ਤੇ ਫਿਰ ਤੋਂ ਨੌਸੈਨਿਕ ਨਾਕਾਬੰਦੀ ਲਗਾ ਦਿੱਤੀ ਅਤੇ ਉਸ ਦੇ ਖਿਲਾਫ਼ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ।
ਈਰਾਨੀ ਅਧਿਕਾਰੀਆਂ ਦੇ ਅਨੁਸਾਰ, ਅਮਰੀਕੀ ਹਵਾਈ ਹਮਲਿਆਂ ਵਿੱਚ ਈਰਾਨੀ ਫੌਜ ਦੀ ਇੱਕ ਬੈਰਕ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਘੱਟੋ-ਘੱਟ ਸੱਤ ਸੈਨਿਕ ਮਾਰੇ ਗਏ ਅਤੇ ਦੇਸ਼ ਭਰ ਵਿੱਚ 260 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਫ਼ੌਜ ਮੁਤਾਬਕ ਅਮਰੀਕੀ ਫ਼ੌਜ ਨੇ ਬਮਪੂਰ ਸਥਿਤ ਫ਼ੌਜੀ ਬੈਰਕ ‘ਤੇ 13 ਮਿਜ਼ਾਈਲਾਂ ਦਾਗੀਆਂ। ਇਸ ਹਮਲੇ ਵਿੱਚ 388ਵੀਂ ਬ੍ਰਿਗੇਡ ਦੇ ਸੱਤ ਸੈਨਿਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋਏ ਹਨ। ਈਰਾਨ ਫ਼ੌਜ ਦਾ ਦੋਸ਼ ਹੈ ਕਿ ਅਮਰੀਕੀ ਹਮਲਿਆਂ ਦਾ ਮਕਸਦ ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣਾ ਸੀ। ਇਸ ਦੇ ਤਹਿਤ ਫ਼ੌਜੀ ਅੱਡੇ ਦੇ ਗੈਸਟ ਹਾਊਸ, ਸੁਰੱਖਿਆ ਚੌਕੀਆਂ ਅਤੇ ਰਿਹਾਇਸ਼ੀ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਵਿਚਾਲੇ ਹੀ ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਨੇ ਕਿਹਾ ਕਿ ਜੇਕਰ ਅਮਰੀਕਾ ਪਿੱਛੇ ਨਹੀਂ ਹਟਦਾ, ਤਾਂ ਈਰਾਨ ਵੱਡੇ ਫ਼ੌਜੀ ਟਕਰਾਅ ਲਈ ਤਿਆਰ ਹੈ। ਦੂਜੇ ਪਾਸੇ, ਰਿਵੋਲਿਊਸ਼ਨਰੀ ਗਾਰਡ (IRGC) ਨੇ ਚੇਤਾਵਨੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਮਿਡਲ-ਈਸਟ ਤੋਂ ਤੇਲ ਅਤੇ ਗੈਸ ਦੀ ਬਰਾਮਦ ਵੀ ਰੋਕੀ ਜਾ ਸਕਦੀ ਹੈ।
ਦੱਸ ਦਈਏ ਕਿ ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਕਈ ਦਿਨਾਂ ਤੋਂ ਜਾਰੀ ਜਵਾਬੀ ਹਮਲਿਆਂ ਅਤੇ ਗਲੋਬਲ ਊਰਜਾ ਸਪਲਾਈ ਲਈ ਅਹਿਮ ਹੋਰਮੁਜ਼ ਨੂੰ ਲੈ ਕੇ ਫਿਰ ਤੋਂ ਧਮਕੀਆਂ ਦੇ ਵਧਣ ਨਾਲ ਸੰਘਰਸ਼ ਖਤਮ ਕਰਨ ਲਈ ਹੋਇਆ ਅੰਤਰਿਮ ਸਮਝੌਤਾ ਲਗਭਗ ਬੇਅਸਰ ਹੋ ਗਿਆ ਹੈ ਅਤੇ ਖੇਤਰ ਇੱਕ ਵਾਰ ਫਿਰ ਪੂਰਨ ਯੁੱਧ ਵੱਲ ਵਧ ਸਕਦਾ ਹੈ।
ਅਮਰੀਕਾ ਨੇ ਪਹਿਲੀ ਵਾਰ ਅਪ੍ਰੈਲ ਵਿੱਚ ਈਰਾਨ ‘ਤੇ ਨੌਸੈਨਿਕ ਨਾਕਾਬੰਦੀ ਲਾਗੂ ਕੀਤੀ ਸੀ, ਪਰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਵਰਗੇ ਮੁੱਦਿਆਂ ‘ਤੇ 60 ਦਿਨਾਂ ਤੱਕ ਗੱਲਬਾਤ ਕਰਨ ਲਈ ਪਿਛਲੇ ਮਹੀਨੇ ਹੋਏ ਅੰਤਰਿਮ ਸਮਝੌਤੇ ਤੋਂ ਬਾਅਦ ਇਸ ਨੂੰ ਹਟਾ ਲਿਆ ਸੀ। ਅੰਤਰਿਮ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋ ਗਈ ਸੀ। ਹਾਲਾਂਕਿ, ਹੋਰਮੁਜ਼ ਨੂੰ ਲੈ ਕੇ ਸੰਘਰਸ਼ ਤੇਜ਼ ਹੋਣ ਕਾਰਨ ਇਹ ਵਾਰਤਾਵਾਂ ਠੱਪ ਹੋ ਗਈਆਂ ਹਨ।
ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ ਵਿਰੁੱਧ ਜੰਗ ਸ਼ੁਰੂ ਕੀਤੀ ਸੀ, ਉਦੋਂ ਤੇਹਰਾਨ ਨੇ ਹੋਰਮੁਜ਼ ਨੂੰ ਸਮੁੰਦਰੀ ਆਵਾਜਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ ਸੀ। ਇਸ ਕਦਮ ਨਾਲ ਤੇਲ, ਖਾਦਾਂ ਅਤੇ ਕਈ ਹੋਰ ਚੀਜ਼ਾਂ ਦੀਆਂ ਕੀਮਤਾਂ ਨਾ ਸਿਰਫ਼ ਖੇਤਰ ਵਿੱਚ ਬਲਕਿ ਗਲੋਬਲ ਪੱਧਰ ‘ਤੇ ਵੀ ਤੇਜ਼ੀ ਨਾਲ ਵਧ ਗਈਆਂ ਸਨ ਅਤੇ ਇਸ ਨਾਲ ਗੱਲਬਾਤ ਵਿੱਚ ਈਰਾਨ ਦੀ ਸਥਿਤੀ ਮਜ਼ਬੂਤ ਹੋ ਗਈ। ਵਧਦੀਆਂ ਕੀਮਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਲਈ ਵਿਸ਼ੇਸ਼ ਚੁਣੌਤੀ ਬਣ ਗਈਆਂ ਹਨ। ਹਾਲਾਂਕਿ, ਵਾਸ਼ਿੰਗਟਨ ਇਸ ਜਲਮਾਰਗ ਨੂੰ ਸਫਲਤਾਪੂਰਵਕ ਫਿਰ ਤੋਂ ਖੋਲ੍ਹਣ ਵਿੱਚ ਸੰਘਰਸ਼ ਕਰਦਾ ਦਿਖਾਈ ਦਿੱਤਾ ਹੈ।

