ਇੰਗਲੈਂਡ ‘ਚ ਤਰਨਤਾਰਨ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ; ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਗਈ ਸੀ ਵਿਦੇਸ਼

Global Team
2 Min Read

ਤਰਨਤਾਰਨ : ਇੰਗਲੈਂਡ ਦੇ ਹੇਜ਼ ਤੋਂ ਇੱਕ ਬੇਹੱਦ ਦਰਦਨਾਕ ਅਤੇ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਤਰਨਤਾਰਨ ਜ਼ਿਲ੍ਹੇ ਦੀ 24 ਸਾਲਾ ਭਾਰਤੀ ਵਿਦਿਆਰਥਣ ਕਿਰਨਦੀਪ ਕੌਰ ਦਾ ਉਸ ਦੇ ਘਰ ਵਿੱਚ ਵੜ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਕਾਰਨ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਕਿਰਨਦੀਪ ਕਰੀਬ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਉੱਚ ਸਿੱਖਿਆ ਲਈ ਬ੍ਰਿਟੇਨ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਉੱਥੇ ਹੀ ਰਹਿ ਕੇ ਨੌਕਰੀ ਕਰ ਰਹੀ ਸੀ।

ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਧੀ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਇੰਗਲੈਂਡ ਭੇਜਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿੱਚ ਆਪਣਾ ਬਿਹਤਰ ਭਵਿੱਖ ਬਣਾਏਗੀ, ਪਰ ਇਸ ਦੁਖਦ ਘਟਨਾ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।

ਪਰਿਵਾਰਕ ਮੈਂਬਰਾਂ ਅਨੁਸਾਰ, ਐਤਵਾਰ ਸਵੇਰੇ ਕਿਰਨਦੀਪ ਆਪਣੇ ਕਮਰੇ ਵਿੱਚ ਸੌਂ ਰਹੀ ਸੀ। ਇਸੇ ਦੌਰਾਨ ਇੱਕ ਅਣਪਛਾਤਾ ਹਮਲਾਵਰ ਕਥਿਤ ਤੌਰ ‘ਤੇ ਕਮਰੇ ਵਿੱਚ ਦਾਖਲ ਹੋਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸਰੀਰ ‘ਤੇ ਕਈ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇੱਥੇ ਪੰਜਾਬ ਵਿੱਚ ਮੌਜੂਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਤਾ ਸੁਖਦੇਵ ਸਿੰਘ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

 

 

Share This Article
Leave a Comment