ਇਜ਼ਰਾਈਲ : ਮਿਡਲ ਈਸਟ (ਮੱਧ ਪੂਰਬ) ਵਿੱਚ ਜਾਰੀ ਤਣਾਅ ਅਤੇ ਜੰਗ ਦੇ ਵਿਚਕਾਰ ਇਜ਼ਰਾਈਲ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਜ਼ਰਾਈਲ ਦੀ ਸੰਸਦ (ਨੇਸੇਟ) ਨੇ ਅਧਿਕਾਰਤ ਤੌਰ ‘ਤੇ ਇਹ ਘੋਸ਼ਣਾ ਕਰ ਦਿੱਤੀ ਹੈ ਕਿ ਦੇਸ਼ ਵਿੱਚ ਅਗਲੀਆਂ ਆਮ ਚੋਣਾਂ 27 ਅਕਤੂਬਰ 2026 ਨੂੰ ਹੀ ਹੋਣਗੀਆਂ। ਇਹ ਕਾਨੂੰਨ ਦੁਆਰਾ ਤੈਅ ਕੀਤੀ ਗਈ ਆਖਰੀ ਤਾਰੀਖ਼ ਹੈ।
ਸੰਸਦ ਨੇ ਇੱਕ ਬਿਆਨ ਜਾਰੀ ਕਰਕੇ ਸਾਫ਼ ਕੀਤਾ ਕਿ ਕਿਉਂਕਿ ਮੌਜੂਦਾ ਸਰਕਾਰ ਆਪਣਾ ਪੂਰਾ ਕਾਰਜਕਾਲ ਖ਼ਤਮ ਕਰਨ ਜਾ ਰਹੀ ਹੈ, ਇਸ ਲਈ ਸਮੇਂ ਤੋਂ ਪਹਿਲਾਂ ਸੰਸਦ ਨੂੰ ਭੰਗ ਕਰਨ ਲਈ ਕਿਸੇ ਨਵੇਂ ਕਾਨੂੰਨ ਨੂੰ ਬਣਾਉਣ ਦੀ ਕੋਈ ਲੋੜ ਨਹੀਂ ਹੈ। ਸਰਕਾਰ ਦੇ ਇਸ ਕਦਮ ਤੋਂ ਬਾਅਦ ਇਜ਼ਰਾਈਲ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀਆਂ ਤਮਾਮ ਅਟਕਲਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ।
ਇਸ ਮਤਦਾਨ ਨੂੰ ਵਿਆਪਕ ਰੂਪ ਵਿੱਚ ਅਕਤੂਬਰ 2023 ਵਿੱਚ ਹਮਾਸ ਦੇ ਹਮਲੇ ਅਤੇ ਉਸ ਤੋਂ ਬਾਅਦ ਗਾਜ਼ਾ, ਲੇਬਨਾਨ ਤੇ ਈਰਾਨ ਨਾਲ ਛਿੜੀਆਂ ਜੰਗਾਂ ਤੋਂ ਬਾਅਦ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲੋਕਪ੍ਰਿਯਤਾ ਅਤੇ ਲੀਡਰਸ਼ਿਪ ‘ਤੇ ਇੱਕ ‘ਜਨਮਤ ਸੰਗ੍ਰਹਿ’ ਵਜੋਂ ਦੇਖਿਆ ਜਾ ਰਿਹਾ ਹੈ। ਜੰਗ ਛਿੜਨ ਤੋਂ ਬਾਅਦ ਦੇਸ਼ ਵਿੱਚ ਇਹ ਪਹਿਲੀਆਂ ਆਮ ਚੋਣਾਂ ਹੋਣਗੀਆਂ।
76 ਸਾਲਾ ਨੇਤਨਯਾਹੂ ਲਈ ਇਸ ਵਾਰ ਰਾਹ ਆਸਾਨ ਨਹੀਂ ਹੈ। ਰਿਪੋਰਟਾਂ ਅਨੁਸਾਰ ਨੇਤਨਯਾਹੂ ਦੇ ਸੱਜੇ-ਪੱਖੀ ਅਤੇ ਧਾਰਮਿਕ ਦਲਾਂ ਦੇ ਗਠਜੋੜ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਅਤੇ ਉਹ ਸੱਤਾ ਤੋਂ ਹੱਥ ਧੋ ਸਕਦੇ ਹਨ।
ਦੱਸ ਦੇਈਏ ਕਿ ਇਹ ਚੋਣਾਂ ਇਸ ਲਈ ਖ਼ਾਸ ਮਹੱਤਵ ਰੱਖਦੀਆਂ ਹਨ ਕਿਉਂਕਿ 1988 ਤੋਂ ਬਾਅਦ ਪਹਿਲੀ ਵਾਰ ਇਜ਼ਰਾਈਲ ਵਿੱਚ ਚੋਣਾਂ ਤੈਅ ਸਮੇਂ ‘ਤੇ ਹੀ ਹੋ ਰਹੀਆਂ ਹਨ। ਇਸ ਦੇ ਨਾਲ ਹੀ, ਨੇਤਨਯਾਹੂ ਦੀ ਅਗਵਾਈ ਵਾਲੀ ਇਹ ਸਰਕਾਰ 50 ਸਾਲਾਂ ਵਿੱਚ ਪੂਰਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀ ਪਹਿਲੀ ਸਰਕਾਰ ਬਣ ਜਾਵੇਗੀ। ਗਠਜੋੜ ਦੀਆਂ ਪਾਰਟੀਆਂ ਦੀ ਮੰਗ ‘ਤੇ ਹੀ ਚੋਣਾਂ ਨਿਰਧਾਰਿਤ ਮਿਤੀ ‘ਤੇ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨੇਸੇਟ 17 ਜੁਲਾਈ ਤੋਂ ਚੋਣ ਬ੍ਰੇਕ ‘ਤੇ ਚਲੀ ਜਾਵੇਗੀ। ਇਜ਼ਰਾਈਲੀ ਮੀਡੀਆ ਮੁਤਾਬਕ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ 7 ਸਤੰਬਰ ਨੂੰ ਬੰਦ ਹੋ ਜਾਵੇਗੀ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬੈਂਜਾਮਿਨ ਨੇਤਨਯਾਹੂ ਆਪਣੇ ਚਾਰ ਦਹਾਕੇ ਲੰਬੇ ਸਿਆਸੀ ਕਰੀਅਰ ਵਿੱਚ ਸਭ ਤੋਂ ਚੁਣੌਤੀਪੂਰਨ ਚੋਣ ਲੜਾਈ ਦਾ ਸਾਹਮਣਾ ਕਰਨਗੇ।

