ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਦੇ ਦਿਹਾਂਤ ‘ਤੇ ਭਾਰਤ ‘ਚ ਰਾਸ਼ਟਰੀ ਸੋਗ ਦਾ ਐਲਾਨ, ਅੱਧਾ ਝੁਕਿਆ ਰਹੇਗਾ ਤਿਰੰਗਾ

Global Team
3 Min Read

ਨਵੀ ਦਿੱਲੀ : ਭਾਰਤ ਸਰਕਾਰ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦਿਹਾਂਤ ‘ਤੇ ਉਨ੍ਹਾਂ ਨੂੰ ਸਨਮਾਨ ਪ੍ਰਗਟ ਕਰਦਿਆਂ 13 ਜੁਲਾਈ ਨੂੰ ਯਾਨੀ ਕਿ ਅੱਜ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਰਾਸ਼ਟਰੀ ਸੋਗ ਦੌਰਾਨ ਪੂਰੇ ਭਾਰਤ ਵਿੱਚ ਜਿਨ੍ਹਾਂ ਸਰਕਾਰੀ ਇਮਾਰਤਾਂ ‘ਤੇ ਨਿਯਮਿਤ ਤੌਰ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ, ਉੱਥੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ।ਸਰਕਾਰੀ ਮੀਡੀਆ ਅਨੁਸਾਰ, ਕਤਰ ਦੇ ਸਾਬਕਾ ਸ਼ਾਸਕ ਦਾ ਐਤਵਾਰ ਨੂੰ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸ਼ੇਖ ਹਮਦ ਨੂੰ ਇੱਕ ਦੂਰਅੰਦੇਸ਼ੀ ਰਾਜਨੇਤਾ ਦੱਸਿਆ ਜਿਨ੍ਹਾਂ ਨੇ ਕਤਰ ਨੂੰ ਇੱਕ ਖੁਸ਼ਹਾਲ ਅਤੇ ਆਧੁਨਿਕ ਰਾਸ਼ਟਰ ਵਿੱਚ ਬਦਲਣ ਦੇ ਨਾਲ- ਨਾਲ ਭਾਰਤ ਨਾਲ ਦੋਸਤਾਨਾ ਸਬੰਧਾਂ ਨੂੰ ਵੀ ਮਜ਼ਬੂਤ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਪੋਸਟ ਕੀਤੇ ਇੱਕ ਸੋਗ ਸੰਦੇਸ਼ ਵਿੱਚ ਸ਼ੇਖ ਹਮਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਤਰ ਦੀ ਲੀਡਰਸ਼ਿਪ, ਸ਼ਾਹੀ ਪਰਿਵਾਰ ਅਤੇ ਉੱਥੋਂ ਦੀ ਜਨਤਾ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਪੀਐਮ ਮੋਦੀ ਨੇ ਲਿਖਿਆ ਕਿ ਅਸੀਂ ਕਤਰ ਦੇ ਸ਼ੇਖ ਹਮਦ ਦੇ ਦਿਹਾਂਤ ‘ਤੇ ਡੂੰਘਾ ਸੋਗ ਪ੍ਰਗਟ ਕਰਦੇ ਹਾਂ। ਉਹ ਇੱਕ ਅਜਿਹੇ ਦੂਰਅੰਦੇਸ਼ੀ ਆਗੂ ਸਨ ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਸਿਖਰਾਂ ‘ਤੇ ਪਹੁੰਚਾਇਆ। ਅਸੀਂ ਉਨ੍ਹਾਂ ਨੂੰ ਇੱਕ ਸੱਚੇ ਮਿੱਤਰ ਵਜੋਂ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਫਰਵਰੀ 2024 ਵਿੱਚ ਮੇਰੀ ਪਿਛਲੀ ਕਤਰ ਯਾਤਰਾ ਦੌਰਾਨ ਮਿਲਣ ਦਾ ਮਾਣ ਹਾਸਲ ਹੋਇਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਫਰਵਰੀ 2024 ਵਿੱਚ ਕਤਰ ਦੀ ਆਪਣੀ ਅਧਿਕਾਰਤ ਯਾਤਰਾ ਦੌਰਾਨ ਸ਼ੇਖ ਹਮਦ ਨਾਲ ਮੁਲਾਕਾਤ ਕੀਤੀ ਸੀ, ਜੋ ਭਾਰਤ-ਕਤਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਸੀ। ਉਸ ਯਾਤਰਾ ਦੇ ਨਤੀਜੇ ਵਜੋਂ ਵਪਾਰ, ਨਿਵੇਸ਼, ਊਰਜਾ, ਤਕਨਾਲੋਜੀ ਅਤੇ ਆਪਸੀ ਤਾਲਮੇਲ ਸਮੇਤ ਦੁਵੱਲੇ ਸਹਿਯੋਗ ਨੂੰ ਇੱਕ ਨਵੀਂ ਗਤੀ ਮਿਲੀ ਸੀ। ਭਾਰਤ ਅਤੇ ਕਤਰ ਦੇ ਵਿਚਕਾਰ ਲੰਬੇ ਸਮੇਂ ਤੋਂ ਡੂੰਘੇ ਸਬੰਧ ਹਨ, ਜਿਸ ਵਿੱਚ ਕਤਰ ਭਾਰਤ ਦੇ ਪ੍ਰਮੁੱਖ ਊਰਜਾ ਭਾਈਵਾਲਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਕਤਰ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਰਹਿੰਦੇ ਹਨ ਜੋ ਉੱਥੋਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਜਲਦ ਹੀ ਕਤਰ ਦਾ ਦੌਰਾ ਕਰਨ ਵਾਲੇ ਹਨ। ਇਸ ਦੌਰਾਨ ਉਹ ਭਾਰਤ ਸਰਕਾਰ ਵੱਲੋਂ ਕਤਰ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਨਗੇ।

 

Share This Article
Leave a Comment