ਲੁਧਿਆਣਾ ਵਿੱਚ ਅਚਾਨਕ ਧਸੀ ਸੜਕ, ਵਾਲ-ਵਾਲ ਬਚਿਆ ਨੌਜਵਾਨ

Global Team
2 Min Read

ਲੁਧਿਆਣਾ : ਭਾਰੀ ਬਾਰਸ਼ ਦੇ ਚੱਲਦਿਆਂ ਲੁਧਿਆਣਾ ਦੇ ਐੱਸ.ਬੀ.ਐੱਸ. ਨਗਰ ਸਿਟੀ ਸੈਂਟਰ ਰੋਡ ਦੋ ਫਾੜ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਪੱਖੋਵਾਲ ਰੋਡ ‘ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਿਟੀ ਸੈਂਟਰ ਨੇੜੇ ਜੀ-ਬਲਾਕ ਅਤੇ ਐੱਚ-ਬਲਾਕ ਨੂੰ ਜੋੜਨ ਵਾਲੀ ਸੜਕ ‘ਤੇ ਸ਼ਨੀਵਾਰ ਸਵੇਰੇ ਇੱਕ ਗੰਭੀਰ ਘਟਨਾ ਵਾਪਰੀ। ਸਵੇਰੇ ਇੱਕ ਨੌਜਵਾਨ ਮੋਟਰਸਾਈਕਲ ਸਵਾਰ ਸੜਕ ਪਾਰ ਕਰ ਰਿਹਾ ਸੀ, ਤਾਂ ਹੀ ਅਚਾਨਕ ਸੜਕ ਦਾ ਇੱਕ ਹਿੱਸਾ ਧਸ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਇੱਕ ਖੱਡੇ ਵਿੱਚ ਫਸ ਗਿਆ।

ਮੌਕੇ ‘ਤੇ ਮੌਜੂਦ ਇੱਕ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਤੁਰੰਤ ਆਪਣੀ ਗੱਡੀ ਰੋਕੀ ਅਤੇ ਨੇੜੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਮਦਦ ਨਾਲ ਉਸ ਨੌਜਵਾਨ ਅਤੇ ਉਸ ਦੇ ਮੋਟਰਸਾਈਕਲ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਦੌਰਾਨ ਸੜਕ ਹੋਰ ਵੀ ਧਸਦੀ ਰਹੀ, ਜਿਸ ਨਾਲ ਸਥਿਤੀ ਹੋਰ ਖ਼ਤਰਨਾਕ ਹੋ ਗਈ।

ਜਾਣਕਾਰੀ ਅਨੁਸਾਰ, ਇਸ ਵੇਲੇ ਸੜਕ ‘ਤੇ ਦੋ ਥਾਵਾਂ ‘ਤੇ ਵੱਡੇ-ਵੱਡੇ ਖੱਡੇ ਅਤੇ ਖਾਲੀ ਥਾਵਾਂ ਬਣ ਗਈਆਂ ਹਨ। ਲਗਾਤਾਰ ਬਾਰਸ਼ ਅਤੇ ਮਾਨਸੂਨ ਦੇ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ, ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਦੱਸ ਦਈਏ ਕਿ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ ਬਾਰਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗੁਰਦਾਸਪੁਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਸ਼ ਜਾਂ ਬੂੰਦਾਬਾਂਦੀ ਹੋ ਸਕਦੀ ਹੈ, ਪਰ ਵਿਆਪਕ ਜਾਂ ਭਾਰੀ ਬਾਰਸ਼ ਦੀ ਸੰਭਾਵਨਾ ਫਿਲਹਾਲ ਘੱਟ ਹੈ। ਬਾਰਸ਼ ਵਿੱਚ ਕਮੀ ਆਉਣ ਦੇ ਨਾਲ ਸੂਬੇ ਵਿੱਚ ਤਾਪਮਾਨ ਅਤੇ ਹੁੰਮਸ ਵੱਧ ਸਕਦੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ। 

Share This Article
Leave a Comment