ਅੰਮ੍ਰਿਤਸਰ ‘ਚ DIG ਵੱਲੋ ਥਾਣਿਆਂ ਦੀ ਅਚਨਚੇਤ ਚੇਕਿੰਗ, ਨਾਕੇ ਤੋਂ ਗ਼ੈਰ-ਹਾਜ਼ਰ ਹੋਣ ਕਰਕੇ SHO ਮੁਅੱਤਲ

Global Team
3 Min Read

ਨਿਊਜ਼ ਡੈਸਕ: ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਡਿਪਟੀ ਇੰਸਪੈਕਟਰ ਜਨਰਲ (ਬਾਰਡਰ ਰੇਂਜ) ਹਰਮਨਬੀਰ ਸਿੰਘ ਗਿੱਲ ਵੱਲੋਂ ਵੀਰਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਾਸਾਂਸੀ ਥਾਣੇ ਦੇ ਮੁੱਖ ਅਫ਼ਸਰ (SHO) ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਅਚਾਨਕ ਹੋਈ ਚੈਕਿੰਗ ਦੌਰਾਨ ਥਾਣਾ ਰਾਜਾਸਾਂਸੀ ਵਿੱਚ ਇੱਕ ਬੇਹੱਦ ਵੱਡੀ ਲਾਪਰਵਾਹੀ ਅਤੇ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਵਿਭਾਗ ਦੀ ਸਮੁੱਚੀ ਕਾਰਜਪ੍ਰਣਾਲੀ ਅਤੇ ਡਿਊਟੀ ਪ੍ਰਤੀ ਜਵਾਬਦੇਹੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਹਾਸਿਲ ਜਾਣਕਾਰੀ ਅਨੁਸਾਰ, ਜਦੋਂ ਡੀਆਈਜੀ ਹਰਮਨਬੀਰ ਸਿੰਘ ਗਿੱਲ ਰਾਜਾਸਾਂਸੀ ਪੁਲਿਸ ਥਾਣੇ ਪਹੁੰਚੇ ਤਾਂ ਉੱਥੇ ਤਾਇਨਾਤ ਐੱਸਐੱਚਓ (SHO) ਆਪਣੀ ਨਿਰਧਾਰਿਤ ਡਿਊਟੀ ਤੋਂ ਗੈਰ-ਹਾਜ਼ਰ ਮਿਲਿਆ। ਸ਼ੁਰੂਆਤੀ ਜਾਂਚ ਵਿੱਚ ਇਹ ਗੰਭੀਰ ਆਰੋਪ ਸਾਹਮਣੇ ਆਏ ਹਨ ਕਿ ਜਿਸ ਸਮੇਂ ਉਕਤ ਐੱਸਐੱਚਓ ਦੀ ਨਾਕੇ ‘ਤੇ ਡਿਊਟੀ ਸੀ, ਉਸ ਵੇਲੇ ਉਹ ਨਾਕੇ ‘ਤੇ ਹਾਜ਼ਰ ਹੋਣ ਦੀ ਬਜਾਏ ਆਪਣੇ ਕਮਰੇ ਵਿੱਚ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਸੁੱਤਾ ਪਿਆ ਸੀ। ਮਾਮਲੇ ਦੀ ਗੰਭੀਰਤਾ ਅਤੇ ਸਥਿਤੀ ਨੂੰ ਦੇਖਦੇ ਹੋਏ ਡੀਆਈਜੀ ਨੇ ਤੁਰੰਤ ਮੌਕੇ ‘ਤੇ ਹੀ ਵੱਡਾ ਐਕਸ਼ਨ ਲਿਆ ਅਤੇ ਸਬੰਧਤ ਐੱਸਐੱਚਓ ਨੂੰ ਤਤਕਾਲ ਪ੍ਰਭਾਵ ਨਾਲ ਸਰਵਿਸ ਤੋਂ ਸਸਪੈਂਡ ਕਰ ਦਿੱਤਾ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚੈਕਿੰਗ ਦੀ ਵੀਡੀਓ

ਇਸ ਅਚਨਚੇਤ ਚੈਕਿੰਗ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਡੀ.ਆਈ.ਜੀ. ਗਿੱਲ ਥਾਣੇ ਦੇ ਅੰਦਰ ਐੱਸ.ਐੱਚ.ਓ. ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਡੀ.ਆਈ.ਜੀ. ਕਮਰੇ ਵਿੱਚ ਪਹੁੰਚੇ ਤਾਂ ਐੱਸ.ਐੱਚ.ਓ. ਬੈੱਡ ‘ਤੇ ਲੇਟਿਆ ਹੋਇਆ ਸੀ।  ਡੀ.ਆਈ.ਜੀ. ਨੇ ਐੱਸ.ਐੱਚ.ਓ. ਨੂੰ  ਝਾੜ ਪਾਉਂਦਿਆਂ ਕਿਹਾ, “ਤੇਰਾ ਨਾਕਾ ਹੈ, ਤੇ ਤੂੰ ਕਿੱਥੇ ਹੈਂ? ਇੱਥੇ ਅੱਗ ਲੱਗੀ ਹੈ ਤੇ ਤੂੰ ਸੁੱਤਾ ਪਿਆ ਹੈਂ।” ਉਨ੍ਹਾਂ ਨੇ ਲਾਪਰਵਾਹੀ ਦੇਖਦੇ ਹੀ ਮੌਕੇ ’ਤੇ ਹੀ ਐੱਸ.ਐੱਚ.ਓ. ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਉਕਤ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ  ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਪੂਰੀ ਹੋਣ ਤੱਕ SHO ਨੂੰ ਮੁਅੱਤਲ ਰੱਖਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment