ਬੰਗਲਾਦੇਸ਼: ਰਾਜਧਾਨੀ ਢਾਕਾ ਨੇੜੇ NCP ਦੀ ਰੈਲੀ ‘ਚ ਜ਼ੋਰਦਾਰ ਬੰਬ ਧਮਾਕਾ! ਕਈ ਲੋਕ ਜ਼ਖ਼ਮੀ

Global Team
3 Min Read

ਬੰਗਲਾਦੇਸ਼ : ਰਾਜਧਾਨੀ ਢਾਕਾ ਦੇ ਨੇੜੇ ਸਾਵਰ ਵਿੱਚ ਇੱਕ ਜ਼ੋਰਦਾਰ ਧਮਾਕਾ ਹੋ ਗਿਆ। ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੀ ਨਵੀਂ ਪਾਰਟੀ, ਨੈਸ਼ਨਲ ਸਿਟੀਜ਼ਨ ਪਾਰਟੀ (NCP) ਵੱਲੋਂ ਸਾਵਰ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸੇ ਰੈਲੀ ਦੌਰਾਨ ਇਹ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿੱਚ ਘੱਟੋ-ਘੱਟ ਤਿੰਨ ਲੋਕ ਜ਼ਖ਼ਮੀ ਹੋ ਗਏ।

ਇਸ ਧਮਾਕੇ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਆਗੂ ਰੈਲੀ ਨੂੰ ਸੰਬੋਧਨ ਕਰ ਰਹੀ ਹੁੰਦੀ ਹੈ, ਉਦੋਂ ਹੀ ਇਹ ਧਮਾਕਾ ਸਾਹਮਣੇ ਜਨਤਾ ਦੇ ਵਿਚਕਾਰ ਹੁੰਦਾ ਹੈ। ਦੱਸ ਦੇਈਏ ਕਿ ਇਹ ਰੈਲੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਖ਼ਿਲਾਫ਼ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦੀ ਦੂਜੀ ਵਰ੍ਹੇਗੰਢ ਦੇ ਮੌਕੇ ‘ਤੇ ਕੱਢੀ ਗਈ ਸੀ।

ਫਿਲਹਾਲ ਇਸ ਘਟਨਾ ‘ਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਐਨਾਮ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਐਨਸੀਪੀ (NCP) ਦੇ ਸੰਯੁਕਤ ਮੁੱਖ ਕੋਆਰਡੀਨੇਟਰ ਆਰਿਫੁਰ ਰਹਮਾਨ ਤੁਹਿਨ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਵਰ ਵਿੱਚ ਪਾਰਟੀ ਦੇ ‘ਜੁਲਾਈ ਮਾਰਚ’ ਦੌਰਾਨ ਹਮਲਾ ਹੋਇਆ, ਜਿਸ ਵਿੱਚ ਘੱਟੋ-ਘੱਟ ਤਿੰਨ ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਦੇ ਤੁਰੰਤ ਬਾਅਦ ਐਨਸੀਪੀ ਦੇ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਦੇ ਕੋਆਰਡੀਨੇਟਰ ਅਤੇ ਵਿਰੋਧੀ ਧਿਰ ਦੇ ਮੁੱਖ ਵ੍ਹਿਪ ਨਾਹਿਦ ਇਸਲਾਮ ਦੀ ਅਗਵਾਈ ਵਿੱਚ ਵਿਰੋਧ ਮਾਰਚ ਕੱਢਿਆ ਅਤੇ ਹਮਲੇ ਦੀ ਨਿੰਦਾ ਕੀਤੀ।

ਇਹ ਵਿਸਫੋਟ ਰਾਤ ਲਗਭਗ 9:45 ਵਜੇ ਸਾਵਰ ਥਾਣਾ ਸਟੈਂਡ ਦੇ ਨੇੜੇ ਈਦਗਾਹ ਮੈਦਾਨ ਵਿੱਚ ਹੋਇਆ। ਇੱਥੇ ਪਾਰਟੀ ਆਪਣੇ ਮਾਰਚ ਤੋਂ ਬਾਅਦ ਜਨਸਭਾ ਕਰ ਰਹੀ ਸੀ। ਐਨਸੀਪੀ ਦੇ ਕੇਂਦਰੀ ਮੈਂਬਰ ਯਾਸਿਰ ਅਰਾਫ਼ਾਤ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ, ਜਦੋਂ ਢਾਕਾ ਜ਼ਿਲ੍ਹਾ ਐਨਸੀਪੀ ਦੀ ਕੋਆਰਡੀਨੇਟਰ ਇੰਜੀਨੀਅਰ ਨਬੀਲਾ ਤਸਨੀਦ ਸਭਾ ਨੂੰ ਸੰਬੋਧਨ ਕਰ ਰਹੀ ਸੀ।

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਬੰਗਲਾਦੇਸ਼ ਦੀ ਰਾਜਧਾਨੀ ਦੇ ਨੇੜੇ ਗੈਸ ਲਾਈਟਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਇਸ ਘਟਨਾ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਫਾਇਰ ਬ੍ਰਿਗੇਡ ਸੇਵਾ ਅਤੇ ਨਾਗਰਿਕ ਸੁਰੱਖਿਆ ਦੇ ਅਨੁਸਾਰ, ਇਹ ਅੱਗ ਢਾਕਾ ਦੇ ਨੇੜੇ ਕੇਰਾਨੀਗੰਜ ਦੇ ਕਦਮਤਲੀ ਇਲਾਕੇ ਵਿੱਚ ਲੱਗੀ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਦੁਪਹਿਰ ਵੇਲੇ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਅੱਗ ‘ਤੇ ਕਾਬੂ ਪਾਉਣ ਵਿੱਚ ਕਈ ਘੰਟੇ ਲੱਗ ਗਏ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸ਼ਾਮ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ, ਪਰ ਉਨ੍ਹਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਸੀ।

 

Share This Article
Leave a Comment