ਇੰਗਲੈਂਡ : ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਰਿਕਾਰਡ ਸੱਤਵੀਂ ਵਾਰ ਟੀ-20 ਵਰਲਡ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਲਾਰਡਸ ਵਿੱਚ ਖੇਡੇ ਗਏ ਫਾਈਨਲ ਵਿੱਚ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਨੇ 151 ਦੌੜਾਂ ਦਾ ਟੀਚਾ 17 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ ਹਾਸਲ ਕੀਤਾ।ਬੈਥ ਮੂਨੀ ਨੇ 49 ਗੇਂਦਾਂ ‘ਤੇ 64 ਦੌੜਾਂ ਦੀ ਮੈਚ-ਜੇਤੂ ਪਾਰੀ ਖੇਡੀ।
ਦੱਸ ਦਈਏ ਕਿ ਆਸਟ੍ਰੇਲੀਆ ਨੇ ਸਭ ਤੋਂ ਪਹਿਲਾਂ ਸਾਲ 2010 ਵਿੱਚ ਟੀ-20 ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਇਸ ਫਾਰਮੈਟ ਵਿੱਚ ਉਨ੍ਹਾਂ ਦਾ ਦਬਦਬਾ ਲਗਾਤਾਰ ਜਾਰੀ ਰਿਹਾ ਅਤੇ ਉਨ੍ਹਾਂ ਨੇ 2012, 2014, 2018, 2020, 2023 ਅਤੇ ਹੁਣ 2026 ਵਿੱਚ ਵੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਦੂਜੇ ਪਾਸੇ, ਇੰਗਲੈਂਡ ਦੀ ਟੀਮ ਦਾ 17 ਸਾਲਾਂ ਬਾਅਦ ਆਪਣੀ ਦੂਜੀ ਟਰਾਫੀ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ। ਇੰਗਲੈਂਡ ਨੇ ਸਾਲ 2009 ਵਿੱਚ ਪਹਿਲਾ ਅਤੇ ਇਕਲੌਤਾ ਟੀ-20 ਵਰਲਡ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਉਹ ਚਾਰ ਵਾਰ ਫਾਈਨਲ ਵਿੱਚ ਪਹੁੰਚੇ, ਪਰ ਹਰ ਵਾਰ ਉਨ੍ਹਾਂ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਆਈਸੀਸੀ ਨੇ ਇਸ ਸਾਲ ਵੂਮੈਨਸ ਟੀ-20 ਵਰਲਡ ਕੱਪ 2026 ਲਈ ਇਨਾਮੀ ਰਾਸ਼ੀ ਦਾ ਬਜਟ ਕਰੀਬ 87.64 ਲੱਖ ਡਾਲਰ (ਲਗਭਗ 83.41 ਕਰੋੜ ਰੁਪਏ) ਤੈਅ ਕੀਤਾ ਸੀ, ਜੋ ਪਿਛਲੀ ਵਾਰ ਨਾਲੋਂ 10% ਵੱਧ ਹੈ। ਇਸ ਟੂਰਨਾਮੈਂਟ ਵਿੱਚ ਰਿਕਾਰਡ ਸੱਤਵੀਂ ਵਾਰ ਚੈਂਪੀਅਨ ਬਣਨ ਵਾਲੀ ਆਸਟ੍ਰੇਲੀਆ ਦੀ ਟੀਮ ਨੂੰ ਇਨਾਮ ਵਜੋਂ ਕਰੀਬ 23.40 ਲੱਖ ਡਾਲਰ ਮਿਲੇ, ਜੋ ਭਾਰਤੀ ਰੁਪਇਆਂ ਵਿੱਚ ਲਗਭਗ 22.27 ਕਰੋੜ ਰੁਪਏ ਹਨ।
ਉੱਥੇ ਹੀ, ਫਾਈਨਲ ਮੈਚ ਵਿੱਚ ਉਪ-ਜੇਤੂ ਰਹੀ ਇੰਗਲੈਂਡ ਦੀ ਟੀਮ ਨੂੰ ਵੀ ਇੱਕ ਵੱਡੀ ਰਕਮ ਮਿਲੀ ਹੈ। ਉਨ੍ਹਾਂ ਨੂੰ ਕਰੀਬ 11.70 ਲੱਖ ਡਾਲਰ (ਲਗਭਗ 11.13 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦਿੱਤੀ ਗਈ।
ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਵਾਰ ਆਈਸੀਸੀ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀਆਂ ਅਤੇ ਦੋਵੇਂ ਹੀ ਗਰੁੱਪ ਸਟੇਜ ਤੋਂ ਬਾਹਰ ਹੋ ਗਈਆਂ। ਭਾਰਤੀ ਟੀਮ ਨੇ ਇਸ ਵਰਲਡ ਕੱਪ ਤੋਂ ਕੁੱਲ 3.23 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਪਾਸੇ, ਪਾਕਿਸਤਾਨ ਦੀ ਟੀਮ ਵੀ ਖਾਲੀ ਹੱਥ ਨਹੀਂ ਰਹੀ, ਉਨ੍ਹਾਂ ਨੇ ਵੀ ਇਸ ਟੂਰਨਾਮੈਂਟ ਤੋਂ ਕੁੱਲ 2.64 ਕਰੋੜ ਰੁਪਏ ਆਪਣੇ ਨਾਂ ਕੀਤੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

