ਲੋਹਗੜ੍ਹ ਕਿਲ੍ਹਾ ਕਤਲ ਕਾਂਡ: ਸੀਯਾ-ਚੇਤਨ ਨਿਆਂਇਕ ਹਿਰਾਸਤ ‘ਚ, ਨਾਰਕੋ ਟੈਸਟ ਤੋਂ ਕੀਤਾ ਇਨਕਾਰ

Global Team
3 Min Read

ਨਿਊਜ਼ ਡੈਸਕ: ਪੁਣੇ ਦੀ ਵਡਗਾਂਵ ਅਦਾਲਤ ਨੇ ਕੇਤਨ ਅਗਰਵਾਲ ਕਤਲ ਮਾਮਲੇ ਦੇ ਦੋਸ਼ੀ ਸੀਯਾ ਗੋਯਲ ਅਤੇ ਚੇਤਨ ਚੌਧਰੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੋਵਾਂ ਨੂੰ ਹੁਣ ਪੁਣੇ ਦੀ ਯੇਰਵਾਡਾ ਜੇਲ੍ਹ ਵਿੱਚ ਰੱਖਿਆ ਜਾਵੇਗਾ। ਪੁਲਿਸ ਨੇ ਦੋਵਾਂ ਦੀ ਹਿਰਾਸਤ ਵਧਾਉਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ।

ਨਾਰਕੋ ਟੈਸਟ ਲਈ ਨਹੀਂ ਦਿੱਤੀ ਸਹਿਮਤੀ

ਸੁਣਵਾਈ ਦੌਰਾਨ ਸੀਯਾ ਅਤੇ ਚੇਤਨ ਨੇ ਨਾਰਕੋ (ਪੌਲੀਗ੍ਰਾਫ) ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਇਸ ਤੋਂ ਇੱਕ ਦਿਨ ਪਹਿਲਾਂ ਸੀਯਾ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਹ ਪੌਲੀਗ੍ਰਾਫ ਟੈਸਟ ਲਈ ਤਿਆਰ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਟੈਸਟ ਨਹੀਂ ਕੀਤਾ ਜਾ ਸਕਦਾ, ਇਸ ਲਈ ਹੁਣ ਨਾਰਕੋ ਟੈਸਟ ਨਹੀਂ ਹੋਵੇਗਾ।

18 ਜੂਨ ਨੂੰ ਲੋਹਗੜ੍ਹ ਕਿਲ੍ਹੇ ਤੋਂ ਧੱਕਾ ਦੇਣ ਦਾ ਦੋਸ਼

ਪੁਲਿਸ ਮੁਤਾਬਕ ਸੀਯਾ ਗੋਯਲ ਅਤੇ ਚੇਤਨ ਚੌਧਰੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 18 ਜੂਨ ਨੂੰ ਪੁਣੇ ਦੇ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਅਗਰਵਾਲ ਨੂੰ ਧੱਕਾ ਦੇ ਕੇ ਮਾਰ ਦਿੱਤਾ। ਕੇਤਨ ਅਤੇ ਸੀਯਾ ਦਾ ਵਿਆਹ ਇਸ ਸਾਲ ਨਵੰਬਰ ਵਿੱਚ ਹੋਣਾ ਸੀ।

ਕੋਡਵਰਡ ਵਿੱਚ ਹੁੰਦੀ ਸੀ ਗੱਲਬਾਤ, ਇੱਕ ਹੋਰ ਮੋਬਾਈਲ ਜ਼ਬਤ

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੀਯਾ ਅਤੇ ਚੇਤਨ ਕਥਿਤ ਸਾਜ਼ਿਸ਼ ਦੌਰਾਨ ਆਪਸ ਵਿੱਚ ਕੋਡਵਰਡ ਅਤੇ ਸੰਕੇਤਕ ਭਾਸ਼ਾ ਦੀ ਵਰਤੋਂ ਕਰਦੇ ਸਨ। ਪੁਲਿਸ ਨੇ ਦੋਵਾਂ ਦੇ ਮੋਬਾਈਲਾਂ ਤੋਂ ਡਿਲੀਟ ਕੀਤਾ ਗਿਆ ਕਾਫ਼ੀ ਡਾਟਾ ਰਿਕਵਰ ਕਰ ਲਿਆ ਹੈ। ਇਸ ਵਿੱਚ ਵਰਤੇ ਗਏ ਨਿਕਨੇਮ ਅਤੇ ਇਮੋਜੀ ਦਾ ਅਸਲ ਮਤਲਬ ਜਾਣਨ ਲਈ ਮਾਹਿਰਾਂ ਦੀ ਮਦਦ ਲਈ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਨੇ ਸੀਯਾ ਦੇ ਘਰ ਤੋਂ ਇੱਕ ਹੋਰ ਲੁਕਾਇਆ ਹੋਇਆ ਮੋਬਾਈਲ ਵੀ ਬਰਾਮਦ ਕੀਤਾ ਹੈ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਤੀਜੇ ਵਿਅਕਤੀ ਦੀ ਭੂਮਿਕਾ ਦੀ ਵੀ ਜਾਂਚ

ਇਸ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਬੀਡ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਬਾਲੇਵਾੜੀ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸੀਯਾ ਜਾਂ ਕੇਤਨ ਵਿੱਚੋਂ ਕਿਸੇ ਇੱਕ ਦਾ ਦੋਸਤ ਹੈ ਅਤੇ ਕਥਿਤ ਤੌਰ ‘ਤੇ ਉਸ ਨਾਲ ਕੇਤਨ ਦੇ ਕਤਲ ਦੀ ਯੋਜਨਾ ਸਾਂਝੀ ਕੀਤੀ ਗਈ ਸੀ। ਹਾਲਾਂਕਿ ਉਸ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ। ਪੁਲਿਸ ਇਸ ਵਿਅਕਤੀ ਨੂੰ ਗਵਾਹ ਬਣਾਉਣ ਦੀ ਸੰਭਾਵਨਾ ‘ਤੇ ਵੀ ਵਿਚਾਰ ਕਰ ਰਹੀ ਹੈ।

Share This Article
Leave a Comment