ਆਪਣੇ 3 ਬੱਚਿਆਂ ਨੂੰ ਨਹਿਰ ‘ਚ ਸੁੱਟਣ ਵਾਲੀ ਮਾਂ ਨੂੰ ਬੱਚਿਆਂ ਦੇ ਨਹੀਂ ਕਰਨ ਦਿੱਤੇ ਆਖਰੀ ਦਰਸ਼ਨ

Global Team
2 Min Read

ਮੋਹਾਲੀ: ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸ਼ਕੁੰਤਲਾ ਨੂੰ ਬੁੱਧਵਾਰ ਨੂੰ ਹੋਏ ਅੰਤਿਮ ਸਸਕਾਰ ਦੌਰਾਨ ਆਪਣੇ ਬੱਚਿਆਂ ਦੇ ਆਖਰੀ ਦਰਸ਼ਨ ਵੀ ਨਹੀਂ ਕਰਨ ਦਿੱਤੇ ਗਏ। ਉਹ ਆਪਣੇ ਭਰਾ ਅਤੇ ਭਾਬੀ ਨਾਲ ਆਟੋ ਰਾਹੀਂ ਸ਼ਮਸ਼ਾਨ ਘਾਟ ਪਹੁੰਚੀ ਸੀ, ਪਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿਸ ‘ਤੇ ਬੱਚਿਆਂ ਦੇ ਕਤਲ ਦਾ ਦੋਸ਼ ਹੈ, ਉਸ ਨੂੰ ਉਨ੍ਹਾਂ ਦਾ ਚਿਹਰਾ ਦੇਖਣ ਦਾ ਹੱਕ ਨਹੀਂ।

ਸ਼ਕੁੰਤਲਾ ਨੇ ਕਿਹਾ- “ਮੈਂ ਵੀ ਛਾਲ ਮਾਰੀ ਸੀ”

ਆਖਰੀ ਦਰਸ਼ਨ ਤੋਂ ਰੋਕੇ ਜਾਣ ‘ਤੇ ਸ਼ਕੁੰਤਲਾ ਨੇ ਕਿਹਾ ਕਿ ਉਸ ਤੋਂ ਕੀ ਗਲਤੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਵੀ ਬੱਚਿਆਂ ਨਾਲ ਨਹਿਰ ਵਿੱਚ ਛਾਲ ਮਾਰੀ ਸੀ, ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਦੇਖ ਕੇ ਤੁਰੰਤ ਬਾਹਰ ਕੱਢ ਲਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ।

ਸ਼ਕੁੰਤਲਾ ਨੇ ਦਾਅਵਾ ਕੀਤਾ ਕਿ ਪਤੀ ਕਮਲ ਦੀ ਕਰੀਬ ਨੌਂ ਮਹੀਨੇ ਪਹਿਲਾਂ ਮੌਤ ਹੋਣ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਕਰਦਾ ਸੀ। ਉਸ ਦੇ ਮੁਤਾਬਕ ਦਿਓਰ, ਸੱਸ, ਸਹੁਰਾ, ਨਣਦ ਅਤੇ ਨਣਦੋਈ ਉਸ ਨਾਲ ਕੁੱਟਮਾਰ ਕਰਦੇ ਸਨ। ਉਸ ਨੇ ਕਿਹਾ ਕਿ ਉਸ ਨੇ ਕਈ ਲੋਕਾਂ ਅਤੇ ਪਿੰਡ ਦੇ ਪ੍ਰਧਾਨ ਕੋਲ ਵੀ ਮਦਦ ਮੰਗੀ, ਪਰ ਕਿਤੇ ਵੀ ਸੁਣਵਾਈ ਨਾ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਮਾਮਲਾ ਕੀ ਹੈ?

ਪੁਲਿਸ ਮੁਤਾਬਕ, ਸੋਮਵਾਰ ਨੂੰ ਸ਼ਕੁੰਤਲਾ ਆਪਣੇ 10 ਸਾਲਾ ਪੁੱਤਰ ਤਪੇਸ਼, 7 ਸਾਲਾ ਧੀ ਤਨਵੀ ਅਤੇ 4 ਸਾਲਾ ਪੁੱਤਰ ਨਿਤਿਨ ਨੂੰ ਮੇਲਾ ਦਿਖਾਉਣ ਦੇ ਬਹਾਨੇ ਰੋਪੜ ਲੈ ਗਈ, ਜਿੱਥੇ ਉਸ ਨੇ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ।

ਸ਼ਕੁੰਤਲਾ ਨੂੰ ਜ਼ਿੰਦਾ ਬਚਾ ਲਿਆ ਗਿਆ, ਜਦਕਿ ਦੋ ਬੱਚਿਆਂ ਦੀਆਂ ਦੇਹਾਂ ਬਰਾਮਦ ਹੋ ਚੁੱਕੀਆਂ ਹਨ। ਤੀਜੇ ਬੱਚੇ ਦੀ ਭਾਲ ਅਜੇ ਵੀ ਜਾਰੀ ਹੈ।

ਦੋ ਬੱਚਿਆਂ ਦੇ ਅੰਤਿਮ ਸਸਕਾਰ ਦੌਰਾਨ ਮੌਜੂਦ ਲੋਕਾਂ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਦਾ ਕਹਿਣਾ ਸੀ ਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਨਹੀਂ ਹੋਈ। ਲੋਕਾਂ ਦਾ ਦਾਅਵਾ ਹੈ ਕਿ ਮਹਿਲਾ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਹ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ।

Share This Article
Leave a Comment